ਨੌਜਵਾਨ ਪੁੱਛਦੇ ਹਨ
ਮੈਨੂੰ ਇਕ ਸਮੇਂ ʼਤੇ ਇਕ ਤੋਂ ਜ਼ਿਆਦਾ ਕੰਮ ਕਰਨ ਬਾਰੇ ਕੀ ਪਤਾ ਹੋਣਾ ਚਾਹੀਦਾ ਹੈ?
ਕੀ ਤੁਹਾਡੇ ਵਿਚ ਇਕ ਸਮੇਂ ʼਤੇ ਕਈ ਕੰਮ ਕਰਨ ਦਾ ਹੁਨਰ ਹੈ?
ਕੀ ਤੁਸੀਂ ਇਕ ਸਮੇਂ ʼਤੇ ਜ਼ਿਆਦਾ ਕੰਮ ਕਰ ਸਕਦੇ ਹੋ? ਬਹੁਤ ਸਾਰੇ ਲੋਕ ਸੋਚਦੇ ਹਨ ਕਿ ਛੋਟੀ ਉਮਰ ਤੋਂ ਹੀ ਤਕਨਾਲੋਜੀ ਦੀ ਵਰਤੋਂ ਕਰਨ ਵਾਲੇ ਲੋਕ ਇਕ ਸਮੇਂ ʼਤੇ ਜ਼ਿਆਦਾ ਕੰਮ ਕਰ ਸਕਦੇ ਹਨ, ਪਰ ਵੱਡੀ ਉਮਰ ਵਿਚ ਤਕਨਾਲੋਜੀ ਦੀ ਵਰਤੋਂ ਕਰਨ ਵਾਲੇ ਲੋਕਾਂ ਲਈ ਇਸ ਤਰ੍ਹਾਂ ਕਰਨਾ ਮੁਸ਼ਕਲ ਹੁੰਦਾ ਹੈ । ਪਰ ਕੀ ਇਹ ਵਾਕਈ ਸੱਚ ਹੈ?
ਹਾਂ ਜਾਂ ਨਹੀਂ?
ਇਕ ਸਮੇਂ ʼਤੇ ਇਕ ਤੋਂ ਜ਼ਿਆਦਾ ਕੰਮ ਕਰਨ ਨਾਲ ਸਮਾਂ ਬਚਦਾ ਹੈ।
ਸਮੇਂ ਦੇ ਬੀਤਣ ਨਾਲ, ਤੁਸੀਂ ਇਕ ਸਮੇਂ ʼਤੇ ਇਕ ਤੋਂ ਜ਼ਿਆਦਾ ਕੰਮ ਕਰਨ ਵਿਚ ਮਾਹਰ ਬਣ ਸਕਦੇ ਹੋ।
ਨੌਜਵਾਨ ਵੱਡੀ ਉਮਰ ਦੇ ਲੋਕਾਂ ਦੇ ਮੁਕਾਬਲੇ ਇਕ ਸਮੇਂ ʼਤੇ ਜ਼ਿਆਦਾ ਕੰਮ ਕਰ ਸਕਦੇ ਹਨ।
ਜੇ ਤੁਸੀਂ ਇਨ੍ਹਾਂ ਵਿੱਚੋਂ ਕਿਸੇ ਵੀ ਗੱਲ ਦਾ ਜਵਾਬ “ਹਾਂ” ਵਿਚ ਦਿੰਦੇ ਹੋ, ਤਾਂ ਸ਼ਾਇਦ ਤੁਸੀਂ ਇਸ ਗ਼ਲਤਫ਼ਹਿਮੀ ਦੇ ਸ਼ਿਕਾਰ ਹੋਵੋ ਕਿ ਤੁਸੀਂ ਇਕ ਸਮੇਂ ʼਤੇ ਜ਼ਿਆਦਾ ਕੰਮ ਕਰ ਸਕਦੇ ਹੋ।
ਇਕ ਸਮੇਂ ʼਤੇ ਜ਼ਿਆਦਾ ਕੰਮ ਕਰਨ ਬਾਰੇ ਗ਼ਲਤਫ਼ਹਿਮੀ
ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਕ ਸਮੇਂ ʼਤੇ ਦੋ ਕੰਮ ਕਰ ਸਕਦੇ ਹੋ? ਸ਼ਾਇਦ ਤੁਸੀਂ ਉਹ ਕੰਮ ਕਰ ਸਕਦੇ ਹੋ ਜਿਨ੍ਹਾਂ ʼਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਨਹੀਂ ਹੁੰਦੀ। ਮਿਸਾਲ ਲਈ, ਤੁਸੀਂ ਗਾਣੇ ਸੁਣਨ ਦੇ ਨਾਲ-ਨਾਲ ਸਫ਼ਾਈ ਵੀ ਕਰ ਸਕਦੇ ਹੋ।
ਪਰ ਜਦੋਂ ਤੁਸੀਂ ਦੋ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹੋ ਜਿਨ੍ਹਾਂ ਉੱਤੇ ਧਿਆਨ ਦੇਣ ਦੀ ਲੋੜ ਹੈ, ਤਾਂ ਤੁਸੀਂ ਕੋਈ ਵੀ ਕੰਮ ਸਹੀ ਤਰੀਕੇ ਨਾਲ ਨਹੀਂ ਕਰ ਸਕੋਗੇ। ਇਸ ਕਰਕੇ ਕੈਥਰੀਨ ਕਹਿੰਦੀ ਹੈ ਕਿ ਇਕ ਸਮੇਂ ʼਤੇ ਕਈ ਕੰਮ ਕਰਨ ਦਾ ਮਤਲਬ ਹੈ, “ਇਕ ਸਮੇਂ ʼਤੇ ਬਹੁਤ ਸਾਰੇ ਕੰਮ ਵਿਗਾੜਨ ਦਾ ਹੁਨਰ।”
“ਜਦੋਂ ਮੈਂ ਕਿਸੇ ਨਾਲ ਗੱਲ ਕਰਦਾ ਹਾਂ ਤੇ ਮੈਨੂੰ ਕਿਸੇ ਦਾ ਮੈਸਿਜ ਆ ਜਾਵੇ, ਤਾਂ ਮੈਂ ਉਸ ਨੂੰ ਵੀ ਜਵਾਬ ਦੇਣ ਲੱਗ ਪੈਂਦਾ ਹਾਂ। ਮੈਂ ਦੋਨੋਂ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਇਸ ਕਰਕੇ ਨਾ ਤਾਂ ਮੈਂ ਗੱਲ ਧਿਆਨ ਨਾਲ ਸੁਣ ਪਾਉਂਦਾ ਹਾਂ ਤੇ ਮੈਂ ਮੈਸਿਜ ਵੀ ਗ਼ਲਤ ਲਿਖ ਦਿੰਦਾ ਹਾਂ।”—ਕਾਲੇਬ
ਤਕਨਾਲੋਜੀ ਦੀ ਮਾਹਰ ਸ਼ੈਰੀ ਟਰਕਲ ਲਿਖਦੀ ਹੈ: ‘ਜਦੋਂ ਅਸੀਂ ਸੋਚਦੇ ਹਾਂ ਕਿ ਅਸੀਂ ਇਕ ਸਮੇਂ ʼਤੇ ਇਕ ਤੋਂ ਜ਼ਿਆਦਾ ਕੰਮ ਕਰ ਸਕਦੇ ਹਾਂ, ਤਾਂ ਅਸੀਂ ਕੋਈ ਵੀ ਕੰਮ ਸਹੀ ਢੰਗ ਨਾਲ ਨਹੀਂ ਕਰ ਪਾਉਂਦੇ। ਇਕ ਸਮੇਂ ʼਤੇ ਇਕ ਤੋਂ ਜ਼ਿਆਦਾ ਕੰਮ ਕਰਨ ਕਰਕੇ ਸਾਡਾ ਦਿਮਾਗ਼ ਤੇਜ਼ ਚੱਲਣ ਲੱਗ ਪੈਂਦਾ ਹੈ ਤੇ ਅਸੀਂ ਸੋਚਦੇ ਹਾਂ ਕਿ ਅਸੀਂ ਬਹੁਤ ਵਧੀਆ ਕੰਮ ਕਰਦੇ ਪਏ ਹਾਂ, ਪਰ ਅਸਲ ਵਿਚ ਅਸੀਂ ਕੰਮ ਖ਼ਰਾਬ ਕਰ ਰਹੇ ਹੁੰਦੇ ਹਾਂ।’ a
“ਕਦੀ-ਕਦੀ ਮੈਂ ਸੋਚਦੀ ਹਾਂ ਕਿ ਜਦੋਂ ਮੈਂ ਮੈਸਿਜ ਦੇ ਨਾਲ-ਨਾਲ ਕਿਸੇ ਨਾਲ ਗੱਲ ਕਰਦੀ ਹਾਂ, ਤਾਂ ਮੈਂ ਬਹੁਤ ਵਧੀਆ ਕਰ ਰਹੀ ਹਾਂ। ਪਰ ਫਿਰ ਮੈਨੂੰ ਅਹਿਸਾਸ ਹੁੰਦਾ ਹੈ ਕਿ ਜੋ ਗੱਲ ਮੈਂ ਕਹਿਣੀ ਹੁੰਦੀ ਹੈ, ਉਹ ਮੈਂ ਮੈਸਿਜ ਕਰ ਦਿੱਤੀ ਹੈ ਤੇ ਜੋ ਮੈਂ ਮੈਸਿਜ ਕਰਨੀ ਹੁੰਦੀ, ਉਹ ਗੱਲ ਮੈਂ ਕਹਿ ਦਿੱਤੀ ਹੈ।”—ਤਮਾਰਾ।
ਜਿਹੜੇ ਲੋਕ ਇਕ ਸਮੇਂ ʼਤੇ ਇਕ ਤੋਂ ਜ਼ਿਆਦਾ ਕੰਮ ਕਰਦੇ ਹਨ, ਉਹ ਬਿਨਾਂ ਵਜ੍ਹਾ ਹੀ ਆਪਣੀ ਜ਼ਿੰਦਗੀ ਔਖੀ ਬਣਾ ਲੈਂਦੇ ਹਨ। ਮਿਸਾਲ ਲਈ, ਨੌਜਵਾਨਾਂ ਨੂੰ ਆਪਣਾ ਸਕੂਲ ਦਾ ਕੰਮ ਕਰਨ ਨੂੰ ਅਕਸਰ ਜ਼ਿਆਦਾ ਸਮਾਂ ਲੱਗਦਾ ਹੈ। ਜਾਂ ਸ਼ਾਇਦ ਉਨ੍ਹਾਂ ਨੂੰ ਉਹ ਕੰਮ ਦੁਬਾਰਾ ਕਰਨਾ ਪਵੇ ਜੋ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਖ਼ਤਮ ਕਰ ਲਿਆ ਹੈ। ਜਿਹੜੇ ਲੋਕ ਇਕ ਸਮੇਂ ʼਤੇ ਇਕ ਤੋਂ ਜ਼ਿਆਦਾ ਕੰਮ ਕਰਦੇ ਹਨ, ਉਨ੍ਹਾਂ ਕੋਲ ਵਿਹਲਾ ਸਮਾਂ ਘੱਟ ਹੀ ਬਚਦਾ ਹੈ।
ਇਸ ਕਰਕੇ ਇਕ ਮਨੋ-ਵਿਗਿਆਨੀ ਅਤੇ ਸਕੂਲ ਦਾ ਸਲਾਹਕਾਰ ਥੌਮਸ ਕ੍ਰੈਸਟਿੰਗ ਕਹਿੰਦਾ ਹੈ ਕਿ ਮੰਨ ਲਓ ਕਿ ਤੁਹਾਡਾ ਦਿਮਾਗ਼ ਇਕ ਫਾਈਲਾਂ ਰੱਖਣ ਵਾਲੀ ਅਲਮਾਰੀ ਵਾਂਗ ਹੈ ਜਿਸ ਵਿਚ ਜਾਣਕਾਰੀ ਨੂੰ ਬਹੁਤ ਵਧੀਆ ਤਰੀਕੇ ਨਾਲ ਰੱਖਿਆ ਹੋਇਆ ਹੈ। ਪਰ ਜਿਹੜੇ ਲੋਕ ਇਕ ਸਮੇਂ ʼਤੇ ਜ਼ਿਆਦਾ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਦਾ ਦਿਮਾਗ਼ ਉਸ ਅਲਮਾਰੀ ਵਾਂਗ ਹੈ ਜਿਸ ਵਿਚ ਫਾਈਲਾਂ ਖਿਲਰੀਆਂ ਪਈਆਂ ਹਨ।” b
“ਇਕ ਸਮੇਂ ʼਤੇ ਜ਼ਿਆਦਾ ਕੰਮ ਕਰਨ ਕਰਕੇ ਅਸੀਂ ਕੁਝ ਜ਼ਰੂਰੀ ਗੱਲਾਂ ʼਤੇ ਧਿਆਨ ਨਹੀਂ ਦਿੰਦੇ। ਅਖ਼ੀਰ ਵਿਚ ਸਾਨੂੰ ਸ਼ਾਇਦ ਹੋਰ ਸਮਾਂ ਲਾ ਕੇ ਕੰਮ ਕਰਨਾ ਪਵੇ। ਅਸੀਂ ਸੋਚਦੇ ਸੀ ਕਿ ਅਸੀਂ ਸਮੇਂ ਤੋਂ ਪਹਿਲਾਂ ਕੰਮ ਕਰ ਲਿਆ, ਪਰ ਅਸਲ ਵਿਚ ਅਸੀਂ ਸਮਾਂ ਖ਼ਰਾਬ ਕੀਤਾ।”—ਟੇਰੇਸਾ।
ਵਧੀਆ ਤਰੀਕਾ
ਇਕ ਸਮੇਂ ʼਤੇ ਇਕ ਕੰਮ ਕਰਨ ਉੱਤੇ ਧਿਆਨ ਲਾਓ। ਇਸ ਤਰ੍ਹਾਂ ਕਰਨਾ ਔਖਾ ਹੋ ਸਕਦਾ ਹੈ, ਖ਼ਾਸ ਕਰਕੇ ਜੇ ਤੁਸੀਂ ਪੜ੍ਹਾਈ ਕਰਨ ਦੇ ਨਾਲ-ਨਾਲ ਮੈਸਿਜ ਵੀ ਕਰਦੇ ਹੋ। ਪਰ ਬਾਈਬਲ ਕਹਿੰਦੀ ਹੈ ਕਿ “ਜ਼ਿਆਦਾ ਜ਼ਰੂਰੀ ਗੱਲਾਂ ਨੂੰ ਧਿਆਨ ਵਿਚ ਰੱਖੋ।” (ਫ਼ਿਲਿੱਪੀਆਂ 1:10) ਹਰ ਕੰਮ ਇੰਨਾ ਜ਼ਰੂਰੀ ਨਹੀਂ ਹੁੰਦਾ। ਇਸ ਲਈ ਫ਼ੈਸਲਾ ਕਰੋ ਕਿ ਤੁਸੀਂ ਪਹਿਲਾਂ ਕਿਹੜਾ ਕੰਮ ਕਰੋਗੇ ਅਤੇ ਪੂਰਾ ਹੋਣ ਤਕ ਉਸ ਕੰਮ ʼਤੇ ਹੀ ਧਿਆਨ ਲਾਓਗੇ।
‘ਜਦੋਂ ਸਾਡਾ ਦਿਮਾਗ਼ ਇਕ ਕੰਮ ਦੀ ਬਜਾਇ ਕਈ ਕੰਮਾਂ ʼਤੇ ਧਿਆਨ ਲਾਉਂਦਾ ਹੈ, ਤਾਂ ਇਹ ਇਕ ਛੋਟੇ ਬੱਚੇ ਵਾਂਗ ਹੁੰਦਾ ਹੈ ਜੋ ਇੱਧਰ-ਉੱਧਰ ਭੱਜਦਾ ਹੈ। ਕਈ ਵਾਰ ਸਾਨੂੰ ਆਪਣੇ ਦਿਮਾਗ਼ ਨੂੰ ਇਸ ਤਰ੍ਹਾਂ ਕਰਨ ਤੋਂ ਰੋਕਣਾ ਜ਼ਰੂਰੀ ਹੁੰਦਾ ਹੈ।’—ਮਾਰੀਆ।
ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਦੂਰ ਰੱਖੋ। ਕੀ ਪੜ੍ਹਦੇ ਵੇਲੇ ਤੁਹਾਡਾ ਫ਼ੋਨ ਚੈੱਕ ਕਰਨ ਨੂੰ ਦਿਲ ਕਰਦਾ ਰਹਿੰਦਾ ਹੈ? ਫ਼ੋਨ ਨੂੰ ਦੂਸਰੇ ਕਮਰੇ ਵਿਚ ਰੱਖੋ। ਟੀ. ਵੀ. ਬੰਦ ਕਰ ਦਿਓ ਤੇ ਸੋਸ਼ਲ ਮੀਡੀਆ ਦੇਖਣ ਬਾਰੇ ਨਾ ਸੋਚੋ। ਬਾਈਬਲ ਕਹਿੰਦੀ ਹੈ: “ਆਪਣੇ ਸਮੇਂ ਨੂੰ ਵੱਧ ਤੋਂ ਵੱਧ ਚੰਗੀ ਤਰ੍ਹਾਂ ਵਰਤੋ।”—ਕੁਲੁੱਸੀਆਂ 4:5, ਈਜ਼ੀ ਟੂ ਰੀਡ ਵਰਯਨ।
“ਮੈਂ ਦੇਖਿਆ ਹੈ ਕਿ ਇਕ ਸਮੇਂ ʼਤੇ ਇਕ ਕੰਮ ʼਤੇ ਧਿਆਨ ਲਾਉਣ ਕਰਕੇ ਮੈਂ ਵਧੀਆ ਤਰੀਕੇ ਨਾਲ ਕੰਮ ਕਰ ਪਾਉਂਦੀ ਹਾਂ। ਮੈਂ ਪੇਪਰ ʼਤੇ ਕੰਮ ਲਿਖੇ ਹੁੰਦੇ ਹਨ ਤੇ ਜਿੱਦਾਂ-ਜਿੱਦਾਂ ਮੈਂ ਕੰਮ ਖ਼ਤਮ ਕਰਦੀ ਹਾਂ, ਉੱਦਾਂ-ਉੱਦਾਂ ਮੈਂ ਉਨ੍ਹਾਂ ʼਤੇ ਨਿਸ਼ਾਨ ਲਾ ਲੈਂਦੀ ਹਾਂ ਤੇ ਫਿਰ ਮੈਂ ਅਗਲਾ ਕੰਮ ਕਰਦੀ ਹਾਂ। ਇੱਦਾਂ ਕਰਕੇ ਮੈਨੂੰ ਬਹੁਤ ਜ਼ਿਆਦਾ ਖ਼ੁਸ਼ੀ ਤੇ ਤਸੱਲੀ ਮਿਲਦੀ ਹੈ।”—ਓਨਿਆ।
ਬਿਨਾਂ ਧਿਆਨ ਭਟਕਾਏ ਗੱਲ ਸੁਣੋ। ਕਿਸੇ ਨਾਲ ਗੱਲ ਕਰਦਿਆਂ ਆਪਣਾ ਫ਼ੋਨ ਚੈੱਕ ਕਰਨਾ ਨਾ ਤਾਂ ਚੰਗੀ ਗੱਲ ਹੈ ਤੇ ਨਾ ਹੀ ਇਸ ਦਾ ਫ਼ਾਇਦਾ ਹੁੰਦਾ ਹੈ। ਬਾਈਬਲ ਸਾਨੂੰ ਕਹਿੰਦੀ ਹੈ ਕਿ ਅਸੀਂ ਦੂਸਰਿਆਂ ਨਾਲ ਉੱਦਾਂ ਹੀ ਪੇਸ਼ ਆਈਏ ਜਿੱਦਾਂ ਅਸੀਂ ਚਾਹੁੰਦੇ ਹਾਂ ਕਿ ਉਹ ਸਾਡੇ ਨਾਲ ਪੇਸ਼ ਆਉਣ।—ਮੱਤੀ 7:12.
“ਜਦੋਂ ਮੈਂ ਆਪਣੀ ਭੈਣ ਨਾਲ ਗੱਲ ਕਰਦਾ ਹਾਂ, ਤਾਂ ਕਦੀ-ਕਦਾਈਂ ਉਹ ਜਾਂ ਤਾਂ ਆਪਣੇ ਫ਼ੋਨ ʼਤੇ ਮੈਸਿਜ ਕਰ ਰਹੀ ਹੁੰਦੀ ਹੈ ਜਾਂ ਉਹ ਫ਼ੋਨ ʼਤੇ ਕੁਝ ਹੋਰ ਕਰ ਰਹੀ ਹੁੰਦੀ ਹੈ। ਮੈਨੂੰ ਬਹੁਤ ਗੁੱਸਾ ਚੜ੍ਹਦਾ ਹੈ। ਪਰ ਸੱਚੀ ਦੱਸਾਂ, ਕਦੀ-ਕਦੀ ਮੈਂ ਵੀ ਇੱਦਾਂ ਕਰਦਾ ਹਾਂ।”—ਡੇਵਿਡ।