Skip to content

ਨੌਜਵਾਨ ਪੁੱਛਦੇ ਹਨ

ਮੀਡੀਆ ਵਿਚ ਦਿਖਾਏ ਜਾਂਦੇ ਮੁੰਡਿਆਂ ਦੀ ਰੀਸ ਕਿਉਂ ਨਾ ਕਰੀਏ?—ਭਾਗ 2: ਮੁੰਡਿਆਂ ਲਈ

ਮੀਡੀਆ ਵਿਚ ਦਿਖਾਏ ਜਾਂਦੇ ਮੁੰਡਿਆਂ ਦੀ ਰੀਸ ਕਿਉਂ ਨਾ ਕਰੀਏ?—ਭਾਗ 2: ਮੁੰਡਿਆਂ ਲਈ

 ਮੀਡੀਆ ਸਟੀਰਿਓਟਾਈਪ ਕੀ ਹੈ?

 ਹੇਠਾਂ ਦਿੱਤੇ ਸ਼ਬਦ ਦੇਖੋ ਅਤੇ ਫਿਰ ਅੱਗੇ ਦਿੱਤੇ ਸਵਾਲਾਂ ਦੇ ਜਵਾਬ ਦਿਓ।

ਡੱਬੀ 1

ਡੱਬੀ 2

ਬਾਗ਼ੀ

ਆਦਰ ਕਰਨ ਵਾਲਾ

ਸੁਆਰਥੀ

ਵਫ਼ਾਦਾਰ

ਸਖ਼ਤ ਸੁਭਾਅ ਦਾ

ਦਿਆਲੂ

ਸੁਸਤ

ਮਿਹਨਤੀ

ਗ਼ੈਰ-ਜ਼ਿੰਮੇਵਾਰ

ਜ਼ਿੰਮੇਵਾਰ

ਬੇਈਮਾਨ

ਈਮਾਨਦਾਰ

  1.  1. ਫ਼ਿਲਮਾਂ, ਟੀ. ਵੀ. ਅਤੇ ਰਸਾਲਿਆਂ ਵਿਚ ਅਕਸਰ ਨੌਜਵਾਨ ਮੁੰਡਿਆਂ ਨੂੰ ਕਿਸ ਤਰ੍ਹਾਂ ਦੇ ਦਿਖਾਇਆ ਜਾਂਦਾ ਹੈ?

  2.  2. ਤੁਸੀਂ ਕੀ ਚਾਹੋਗੇ ਕਿ ਲੋਕਾਂ ਵਿਚ ਤੁਹਾਡੀ ਕਿਹੋ ਜਿਹੀ ਪਛਾਣ ਬਣੇ?

 ਲੱਗਦਾ ਹੈ ਕਿ ਤੁਸੀਂ ਪਹਿਲੇ ਸਵਾਲ ਦਾ ਜਵਾਬ ਡੱਬੀ 1 ਵਿੱਚੋਂ ਦਿਓਗੇ ਅਤੇ ਦੂਜੇ ਸਵਾਲ ਦਾ ਜਵਾਬ ਡੱਬੀ 2 ਵਿੱਚੋਂ ਦਿਓਗੇ। ਜੇ ਹਾਂ, ਤਾਂ ਵਧੀਆ। ਪਰ ਕਿਉਂ? ਕਿਉਂਕਿ ਤੁਸੀਂ ਮੀਡੀਆ ਵਿਚ ਦਿਖਾਏ ਜਾਂਦੇ ਨੌਜਵਾਨਾਂ ਵਰਗੇ ਨਹੀਂ ਹੋ ਤੇ ਨਾ ਹੀ ਉਨ੍ਹਾਂ ਵਰਗੇ ਬਣਨਾ ਚਾਹੁੰਦੇ ਹੋ। ਗੌਰ ਕਰੋ ਕਿ ਕਿਉਂ।

  •   ਮੀਡੀਆ ਵਿਚ ਅਕਸਰ ਆਦਮੀਆਂ ਨੂੰ ਹਿੰਸਕ ਅਤੇ ਬਾਗ਼ੀ ਦਿਖਾਇਆ ਜਾਂਦਾ ਹੈ। ਇਕ ਕਿਤਾਬ ਦੱਸਦੀ ਹੈ ਕਿ ਟੀ. ਵੀ., ਫ਼ਿਲਮਾਂ ਅਤੇ ਖੇਡਾਂ ਵਿਚ ਇਸ ਤਰ੍ਹਾਂ ਦਿਖਾਇਆ ਜਾਂਦਾ ਹੈ ਕਿ ਮਸ਼ਹੂਰ ਆਦਮੀ ‘ਤਾਕਤਵਰ ਅਤੇ ਗੁੱਸੇਖ਼ੋਰ ਹੁੰਦੇ ਹਨ। ਕਹਿਣ ਦਾ ਮਤਲਬ ਹੈ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਦੂਜੇ ਸਾਡੇ ਨਾਲ ਦੋਸਤੀ ਕਰਨ, ਤਾਂ ਸਾਨੂੰ ਤਾਕਤਵਰ ਤੇ ਬਾਗ਼ੀ ਹੋਣਾ ਚਾਹੀਦਾ ਹੈ।’

     ਜ਼ਰਾ ਸੋਚੋ: ਕੀ ਗੁੱਸੇਖ਼ੋਰ ਹੋਣ ਕਰਕੇ ਤੁਸੀਂ ਵਧੀਆ ਦੋਸਤ, ਸਹਿਕਰਮੀ ਜਾਂ ਪਤੀ ਬਣ ਸਕੋਗੇ? ਜਦੋਂ ਤੁਹਾਨੂੰ ਗੁੱਸਾ ਚੜ੍ਹਾਇਆ ਜਾਂਦਾ ਹੈ, ਤਾਂ ਕੀ ਕਰਨ ਲਈ ਜ਼ਿਆਦਾ ਤਾਕਤ ਦੀ ਲੋੜ ਹੈ: ਗੁੱਸਾ ਦਿਖਾਉਣ ਲਈ ਜਾਂ ਇਸ ʼਤੇ ਕਾਬੂ ਪਾਉਣ ਲਈ? ਕਿਸ ਗੱਲ ਤੋਂ ਪਤਾ ਲੱਗੇਗਾ ਕਿ ਤੁਸੀਂ ਸਮਝਦਾਰ ਹੋ?

     ਬਾਈਬਲ ਦੱਸਦੀ ਹੈ: “ਜਿਹੜਾ ਕ੍ਰੋਧ ਵਿੱਚ ਧੀਮਾ ਹੈ ਉਹ ਸੂਰਬੀਰ ਨਾਲੋਂ, ਅਤੇ ਆਪਣੀ ਰੂਹ ਨੂੰ ਵੱਸ ਵਿੱਚ ਰੱਖਣ ਵਾਲਾ, ਸ਼ਹਿਰ ਦੇ ਜਿੱਤਣ ਵਾਲੇ ਨਾਲੋਂ ਚੰਗਾ ਹੈ।”​—ਕਹਾਉਤਾਂ 16:32.

    ਜੇ ਤੁਸੀਂ ਆਪਣੇ ਗੁੱਸੇ ʼਤੇ ਕਾਬੂ ਰੱਖਦੇ ਹੋ, ਤਾਂ ਤੁਸੀਂ ਕਿਸੇ ਯੋਧੇ ਨਾਲੋਂ ਜ਼ਿਆਦਾ ਤਾਕਤਵਰ ਹੋ

  •   ਮੀਡੀਆ ਵਿਚ ਆਦਮੀਆਂ ਨੂੰ ਦਿਖਾਇਆ ਜਾਂਦਾ ਹੈ ਕਿ ਉਹ ਸੈਕਸ ਲਈ ਪਾਗਲ ਹਨ। 17 ਸਾਲਾਂ ਦਾ ਕ੍ਰਿਸ ਕਹਿੰਦਾ ਹੈ: “ਫ਼ਿਲਮਾਂ ਅਤੇ ਟੀ. ਵੀ. ਵਿਚ ਦਿਖਾਇਆ ਜਾਂਦਾ ਹੈ ਕਿ ਮੁੰਡੇ ਕੱਪੜਿਆਂ ਨਾਲੋਂ ਜ਼ਿਆਦਾ ਆਪਣੀਆਂ ਸਹੇਲੀਆਂ ਬਦਲਦੇ ਹਨ।” 18 ਸਾਲਾਂ ਦਾ ਗੈਰੀ ਇਸ ਤੋਂ ਵੱਡੀ ਗੱਲ ਕਹਿੰਦਾ ਹੈ: “ਫ਼ਿਲਮਾਂ ਅਤੇ ਟੀ. ਵੀ. ਵਿਚ ਦਿਖਾਏ ਜਾਂਦੇ ਮੁੰਡੇ ਸੈਕਸ ਕਰਨ ਲਈ ਪਾਗਲ ਹੁੰਦੇ ਹਨ।” ਮਿਸਾਲ ਲਈ, ਕੁਝ ਫ਼ਿਲਮਾਂ ਵਿਚ ਦਿਖਾਇਆ ਜਾਂਦਾ ਹੈ ਕਿ ਮੁੰਡਿਆਂ ਦੀ ਜ਼ਿੰਦਗੀ ਦਾ ਮਕਸਦ ਸਿਰਫ਼ ਖਾਣਾ-ਪੀਣਾ, ਮੌਜ-ਮਸਤੀ ਅਤੇ ਸੈਕਸ ਕਰਨਾ ਹੀ ਹੁੰਦਾ ਹੈ।

     ਜ਼ਰਾ ਸੋਚੋ: ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਪਛਾਣ ਇਨ੍ਹਾਂ ਮੁੰਡਿਆਂ ਵਰਗੀ ਬਣੇ? ਕੀ ਸਮਝਦਾਰ ਆਦਮੀ ਔਰਤਾਂ ਨੂੰ ਸਿਰਫ਼ ਆਪਣੀ ਹਵਸ ਪੂਰੀ ਕਰਨ ਦੀ ਹੀ ਚੀਜ਼ ਸਮਝਦਾ ਹੈ ਜਾਂ ਕੀ ਉਹ ਉਨ੍ਹਾਂ ਨਾਲ ਆਦਰ ਨਾਲ ਪੇਸ਼ ਆਉਂਦਾ ਹੈ?

     ਬਾਈਬਲ ਦੱਸਦੀ ਹੈ: “ਤੁਹਾਡੇ ਵਿੱਚੋਂ ਹਰੇਕ ਜਣੇ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਵਿੱਤਰਤਾ ਅਤੇ ਆਦਰਯੋਗ ਤਰੀਕੇ ਨਾਲ ਆਪਣੇ ਸਰੀਰ ਨੂੰ ਕਿਵੇਂ ਕਾਬੂ ਵਿਚ ਰੱਖਣਾ ਹੈ, ਨਾ ਕਿ ਕਾਮ-ਵਾਸ਼ਨਾ ਦੇ ਲਾਲਚ ਨਾਲ।”​—1 ਥੱਸਲੁਨੀਕੀਆਂ 4:4, 5.

  •   ਮੀਡੀਆ ਵਿਚ ਮੁੰਡਿਆਂ ਨੂੰ ਗ਼ੈਰ-ਜ਼ਿੰਮੇਵਾਰ ਦਿਖਾਇਆ ਜਾਂਦਾ ਹੈ। ਬਹੁਤ ਸਾਰੀਆਂ ਮਸ਼ਹੂਰ ਫ਼ਿਲਮਾਂ ਅਤੇ ਟੀ. ਵੀ. ਪ੍ਰੋਗ੍ਰਾਮਾਂ ਵਿਚ ਨੌਜਵਾਨ ਮੁੰਡਿਆਂ ਨੂੰ ਅਕਸਰ ਆਲਸੀ ਅਤੇ ਨਾਲਾਇਕ ਦਿਖਾਇਆ ਜਾਂਦਾ ਹੈ। ਇਸੇ ਕਰਕੇ ਸ਼ਾਇਦ ਕੁਝ ਆਦਮੀ ਨੌਜਵਾਨ ਮੁੰਡਿਆਂ ਦੀ ਕਾਬਲੀਅਤ ʼਤੇ ਘੱਟ ਹੀ ਇਤਬਾਰ ਕਰਨ। ਪਹਿਲਾਂ ਜ਼ਿਕਰ ਕੀਤਾ ਗਿਆ ਗੈਰੀ ਕਹਿੰਦਾ ਹੈ: “ਜਦੋਂ ਮੈਂ 16 ਸਾਲਾਂ ਦਾ ਹੋਇਆ, ਤਾਂ ਮੈਂ ਦੇਖਿਆ ਕਿ ਮੈਨੂੰ ਕੰਮ ਨਹੀਂ ਮਿਲ ਰਿਹਾ ਕਿਉਂਕਿ ਮੇਰੇ ਇਲਾਕੇ ਵਿਚ ਮਾਲਕ ਸਿਰਫ਼ ਔਰਤਾਂ ਨੂੰ ਕੰਮ ʼਤੇ ਰੱਖਣਾ ਚਾਹੁੰਦੇ ਸਨ। ਉਨ੍ਹਾਂ ਨੂੰ ਲੱਗਦਾ ਸੀ ਕਿ ਸਾਰੇ ਨੌਜਵਾਨ ਮੁੰਡੇ ਗ਼ੈਰ-ਜ਼ਿੰਮੇਵਾਰ ਜਾਂ ਬੇਇਤਬਾਰੇ ਹੁੰਦੇ ਹਨ।”

     ਜ਼ਰਾ ਸੋਚੋ: ਕੀ ਮੀਡੀਆ ਵਿਚ ਨੌਜਵਾਨ ਮੁੰਡਿਆਂ ਨੂੰ ਗ਼ੈਰ-ਜ਼ਿੰਮੇਵਾਰ ਜਾਂ ਬੇਇਤਬਾਰੇ ਦਿਖਾਉਣਾ ਸਹੀ ਹੈ? ਤੁਸੀਂ ਕਿਵੇਂ ਦਿਖਾ ਸਕਦੇ ਹੋ ਕਿ ਤੁਸੀਂ ਉਨ੍ਹਾਂ ਵਰਗੇ ਨਹੀਂ ਹੋ?

     ਬਾਈਬਲ ਦੱਸਦੀ ਹੈ: “ਕੋਈ ਵੀ ਤੈਨੂੰ ਨੌਜਵਾਨ ਹੋਣ ਕਰਕੇ ਐਵੇਂ ਨਾ ਸਮਝੇ। ਇਸ ਦੀ ਬਜਾਇ, ਵਫ਼ਾਦਾਰ ਸੇਵਕਾਂ ਲਈ ਆਪਣੀ ਬੋਲੀ ਵਿਚ, ਚਾਲ-ਚਲਣ ਵਿਚ, ਪਿਆਰ ਵਿਚ, ਨਿਹਚਾ ਵਿਚ ਅਤੇ ਸ਼ੁੱਧ ਰਹਿਣ ਵਿਚ ਚੰਗੀ ਮਿਸਾਲ ਕਾਇਮ ਕਰ।”​—1 ਤਿਮੋਥਿਉਸ 4:12.

 ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ?

  •   ਮੀਡੀਆ ਤੁਹਾਡੇ ʼਤੇ ਜ਼ਬਰਦਸਤ ਅਸਰ ਪਾ ਸਕਦਾ ਹੈ। ਮਿਸਾਲ ਲਈ, ਮੀਡੀਆ ਤੁਹਾਨੂੰ ਮਹਿਸੂਸ ਕਰਾ ਸਕਦਾ ਹੈ ਕਿ ਮਸ਼ਹੂਰ ਹੋਣ ਲਈ ਤੁਹਾਨੂੰ ਨਵੇਂ-ਨਵੇਂ ਫ਼ੈਸ਼ਨ ਦੇ ਕੱਪੜੇ ਪਾਉਣੇ ਚਾਹੀਦੇ ਹਨ। 17 ਸਾਲਾਂ ਦਾ ਕੋਲਿਨ ਕਹਿੰਦਾ ਹੈ: “ਮਸ਼ਹੂਰੀਆਂ ਵਿਚ ਦਿਖਾਇਆ ਜਾਂਦਾ ਹੈ ਕਿ ਮੁੰਡਿਆਂ ਨੂੰ ਕਿਹੋ ਜਿਹੇ ਕੱਪੜੇ ਪਾਉਣੇ ਚਾਹੀਦੇ ਹਨ ਅਤੇ ਦਿਖਾਇਆ ਜਾਂਦਾ ਹੈ ਕਿ ਮੁੰਡੇ ਕੁੜੀਆਂ ਨਾਲ ਘਿਰੇ ਪਏ ਹਨ। ਇਹ ਸਭ ਦੇਖ ਕੇ ਮੁੰਡਿਆਂ ਦਾ ਬਾਜ਼ਾਰ ਜਾ ਕੇ ਉਹੀ ਕੱਪੜੇ ਖ਼ਰੀਦਣ ਨੂੰ ਜੀਅ ਕਰਦਾ ਹੈ। ਮੈਂ ਵੀ ਕਈ ਵਾਰ ਇੱਦਾਂ ਕੀਤਾ ਹੈ।”

     ਜ਼ਰਾ ਸੋਚੋ: ਕੀ ਤੁਹਾਡੇ ਕੱਪੜਿਆਂ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਕਿਹੋ ਜਿਹੇ ਇਨਸਾਨ ਹੋ ਜਾਂ ਇਹ ਪਤਾ ਲੱਗਦਾ ਹੈ ਕਿ ਤੁਸੀਂ ਕਿਸੇ ਦੀ ਨਕਲ ਕਰ ਰਹੇ ਹੋ? ਜੇ ਤੁਸੀਂ ਨਵੇਂ ਤੋਂ ਨਵੇਂ ਫ਼ੈਸ਼ਨ ਦੇ ਕੱਪੜੇ ਖ਼ਰੀਦਦੇ ਹੋ, ਤਾਂ ਇਸ ਤੋਂ ਕਿਸ ਨੂੰ ਫ਼ਾਇਦਾ ਹੋਵੇਗਾ?

     ਬਾਈਬਲ ਦੱਸਦੀ ਹੈ: “ਇਸ ਦੁਨੀਆਂ ਦੇ ਲੋਕਾਂ ਦੀ ਨਕਲ ਕਰਨੀ ਛੱਡ ਦਿਓ।”​—ਰੋਮੀਆਂ 12:2.

  •   ਜੇ ਤੁਸੀਂ ਕਿਸੇ ਦੀ ਨਕਲ ਕਰਦੇ ਹੋ, ਤਾਂ ਕੁੜੀਆਂ ਘੱਟ ਹੀ ਤੁਹਾਡੇ ਵੱਲ ਖਿੱਚੀਆਂ ਜਾਣਗੀਆਂ। ਜਾਣੋ ਕਿ ਕੁਝ ਜਣਿਆਂ ਨੇ ਕੀ ਕਿਹਾ:

    •  “ਮੈਂ ਉਸ ਮੁੰਡੇ ਨੂੰ ਪਸੰਦ ਨਹੀਂ ਕਰਾਂਗੀ ਜਿਸ ਨੂੰ ਆਪਣੇ ਆਪ ʼਤੇ ਵਿਸ਼ਵਾਸ ਨਹੀਂ ਹੈ ਅਤੇ ਜੋ ਦੂਜਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦਾ ਹੈ, ਸਗੋਂ ਮੈਂ ਉਸ ਮੁੰਡੇ ਨੂੰ ਪਸੰਦ ਕਰਾਂਗੀ ਜੋ ਕਿਸੇ ਦੀ ਨਕਲ ਨਹੀਂ ਕਰਦਾ। ਜਿਹੜਾ ਮੁੰਡਾ ਹਮੇਸ਼ਾ ਦੂਜਿਆਂ ʼਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ, ਲੋਕ ਉਸ ਦਾ ਮਜ਼ਾਕ ਉਡਾਉਂਦੇ ਹਨ!”​—ਐਨਾ।

    •  “ਮਸ਼ਹੂਰੀਆਂ ਬਣਾਉਣ ਵਾਲੇ ਲੋਕਾਂ ਨੂੰ ਇਹ ਅਹਿਸਾਸ ਕਰਾਉਂਦੇ ਹਨ ਕਿ ਜੇ ਉਹ ਕੁੜੀਆਂ ਦਾ ਧਿਆਨ ਖਿੱਚਣਾ ਚਾਹੁੰਦੇ ਹਨ, ਤਾਂ ਉਨ੍ਹਾਂ ਕੋਲ ਨਵੀਆਂ ਤੋਂ ਨਵੀਆਂ ਇਲੈਕਟ੍ਰਾਨਿਕ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਨੂੰ ਕਿਸ ਤਰ੍ਹਾਂ ਦੇ ਕੱਪੜੇ ਵਗੈਰਾ ਪਾਉਣੇ ਚਾਹੀਦੇ ਹਨ। ਪਰ ਜਦੋਂ ਕੁੜੀਆਂ ਵੱਡੀਆਂ ਹੋ ਜਾਂਦੀਆਂ ਹਨ, ਤਾਂ ਉਹ ਇਨ੍ਹਾਂ ਚੀਜ਼ਾਂ ਨੂੰ ਨਹੀਂ ਦੇਖਦੀਆਂ। ਇਸ ਦੀ ਬਜਾਇ, ਉਹ ਮੁੰਡਿਆਂ ਦੇ ਗੁਣ ਦੇਖਦੀਆਂ ਹਨ ਅਤੇ ਦੇਖਦੀਆਂ ਹਨ ਕਿ ਉਹ ਲੋਕਾਂ ਨਾਲ ਕਿਵੇਂ ਪੇਸ਼ ਆਉਂਦੇ ਹਨ। ਮਿਸਾਲ ਲਈ, ਕੁੜੀਆਂ ਉਨ੍ਹਾਂ ਮੁੰਡਿਆਂ ਨੂੰ ਪਸੰਦ ਕਰਦੀਆਂ ਹਨ ਜੋ ਈਮਾਨਦਾਰ ਅਤੇ ਵਫ਼ਾਦਾਰ ਹੁੰਦੇ ਹਨ।”​—ਡੈਨੀਏਲ।

    •  “ਅਕਸਰ ‘ਵਧੀਆ ਦਿਖਣ ਵਾਲੇ ਮੁੰਡੇ’ ਘਮੰਡੀ ਹੁੰਦੇ ਹਨ ਅਤੇ ਮੈਂ ਇੱਦਾਂ ਦੇ ਕਿਸੇ ਮੁੰਡੇ ਨਾਲ ਦੋਸਤੀ ਨਹੀਂ ਕਰਨੀ ਚਾਹੁੰਦੀ। ਕੋਈ ਮੁੰਡਾ ਦੁਨੀਆਂ ਦਾ ਸਭ ਤੋਂ ਸੋਹਣਾ ਮੁੰਡਾ ਹੋ ਸਕਦਾ ਹੈ, ਪਰ ਜੇ ਉਸ ਦੀ ਸੀਰਤ ਉਸ ਦੀ ਸ਼ਕਲ ਨਾਲ ਮੇਲ ਨਹੀਂ ਖਾਂਦੀ, ਤਾਂ ਉਹ ਬਦਸੂਰਤ ਹੋਵੇਗਾ।”​—ਡਾਏਨਾ।

     ਜ਼ਰਾ ਸੋਚੋ: ਸਮੂਏਲ ਬਾਰੇ ਬਾਈਬਲ ਕਹਿੰਦੀ ਹੈ ਕਿ ਉਹ “ਵਧਦਾ ਗਿਆ ਅਤੇ ਯਹੋਵਾਹ ਅਰ ਮਨੁੱਖਾਂ ਦੇ ਅੱਗੇ ਮੰਨਿਆ ਪਰਮੰਨਿਆ ਸੀ।” (1 ਸਮੂਏਲ 2:26) ਇਸ ਤਰ੍ਹਾਂ ਦੀ ਨੇਕਨਾਮੀ ਖੱਟਣ ਲਈ ਤੁਹਾਨੂੰ ਕਿਹੜੇ ਗੁਣ ਪੈਦਾ ਕਰਨ ਦੀ ਲੋੜ ਹੈ?

     ਬਾਈਬਲ ਦੱਸਦੀ ਹੈ: “ਮਰਦਾਂ ਵਾਲੀਆਂ ਖੂਬੀਆਂ ਪੈਦਾ ਕਰੋ।”​—1 ਕੁਰਿੰਥੀਆਂ 16:13, ਫੁਟਨੋਟ।

 ਤੁਸੀਂ ਕੀ ਕਰ ਸਕਦੇ ਹੋ?

  •   ਮੀਡੀਆ ਵਿਚ ਦਿਖਾਏ ਜਾਂਦੇ ਨੌਜਵਾਨਾਂ ਦੀ ਨਕਲ ਕਰਨ ਦੀ ਬਜਾਇ ਸੋਚਣ-ਸਮਝਣ ਦੀ ਕਾਬਲੀਅਤ ਵਰਤੋ। ਬਾਈਬਲ ਦੀ ਇਸ ਗੱਲ ʼਤੇ ਗੌਰ ਕਰੋ: “ਦੁਨੀਆਂ ਵਿਚ ਜੋ ਕੁਝ ਵੀ ਹੈ ਯਾਨੀ ਸਰੀਰ ਦੀ ਲਾਲਸਾ ਅਤੇ ਅੱਖਾਂ ਦੀ ਲਾਲਸਾ ਅਤੇ ਆਪਣੀ ਧਨ-ਦੌਲਤ ਤੇ ਹੈਸੀਅਤ ਦਾ ਦਿਖਾਵਾ, ਇਹ ਸਭ ਕੁਝ ਪਿਤਾ ਤੋਂ ਨਹੀਂ, ਸਗੋਂ ਦੁਨੀਆਂ ਤੋਂ ਹੈ।”​—1 ਯੂਹੰਨਾ 2:16.

     ਮੀਡੀਆ ਇਨ੍ਹਾਂ ਲਾਲਸਾਵਾਂ ਦਾ ਫ਼ਾਇਦਾ ਚੁੱਕਦਾ ਹੈ ਅਤੇ ਇਨ੍ਹਾਂ ਨੂੰ ਬਹੁਤ ਸਾਧਾਰਣ ਤਰੀਕੇ ਨਾਲ ਪੇਸ਼ ਕਰਦਾ ਹੈ। ਸੋ ਜੋ ਤੁਸੀਂ ਦੇਖਦੇ ਹੋ, ਉਸ ਬਾਰੇ ਧਿਆਨ ਨਾਲ ਸੋਚੋ। ਮੀਡੀਆ ਵਿਚ ਦਿਖਾਈਆਂ ਜਾਣ ਵਾਲੀਆਂ ਚੀਜ਼ਾਂ ਵਪਾਰੀਆਂ ਦੇ ਮਨ ਦੀਆਂ ਕਾਢਾਂ ਹੁੰਦੀਆਂ ਜੋ ਬਸ ਪੈਸੇ ਕਮਾਉਣੇ ਚਾਹੁੰਦੇ ਹਨ।

  •   ਆਪ ਚੋਣ ਕਰੋ। ਬਾਈਬਲ ਕਹਿੰਦੀ ਹੈ: “ਨਵੇਂ ਸੁਭਾਅ ਨੂੰ ਨਵੇਂ ਕੱਪੜੇ ਵਾਂਗ ਪਹਿਨ ਲਓ ਯਾਨੀ ਸਹੀ ਗਿਆਨ ਲੈ ਕੇ ਆਪਣੇ ਸੁਭਾਅ ਨੂੰ ਪਰਮੇਸ਼ੁਰ ਦੇ ਸੁਭਾਅ ਅਨੁਸਾਰ ਨਵਾਂ ਬਣਾਉਂਦੇ ਰਹੋ ਜਿਸ ਨੇ ਇਸ ਨੂੰ ਸਿਰਜਿਆ ਹੈ।”​—ਕੁਲੁੱਸੀਆਂ 3:10.

     ਇਸ ਸਲਾਹ ਨੂੰ ਮੰਨਣ ਲਈ, ਜ਼ਰਾ ਇਸ ਲੇਖ ਦੇ ਸ਼ੁਰੂ ਵਿਚ ਦਿੱਤੇ ਗੁਣਾਂ ਬਾਰੇ ਸੋਚੋ ਜਿਨ੍ਹਾਂ ਰਾਹੀਂ ਤੁਸੀਂ ਪਛਾਣੇ ਜਾਣਾ ਚਾਹੁੰਦੇ ਹੋ। ਕਿਉਂ ਨਾ ਹੁਣ ਤੋਂ ਹੀ ਉਨ੍ਹਾਂ ਗੁਣਾਂ ਨੂੰ ਪੈਦਾ ਕਰਨ ਜਾਂ ਆਪਣੇ ਆਪ ਵਿਚ ਹੋਰ ਸੁਧਾਰ ਕਰਨ ਦੀ ਕੋਸ਼ਿਸ਼ ਕਰੋ?

  •   ਵਧੀਆ ਮਿਸਾਲਾਂ ਦੀ ਰੀਸ ਕਰੋ। ਬਾਈਬਲ ਕਹਿੰਦੀ ਹੈ: “ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ, ਪਰ ਮੂਰਖਾਂ ਦੇ ਸਾਥੀ ਨੂੰ ਦੁਖ ਹੋਵੇਗਾ।” (ਕਹਾਉਤਾਂ 13:20) ਤੁਸੀਂ ਆਪਣੀ ਜ਼ਿੰਦਗੀ ਵਿਚ ਕਿਸ ਆਦਮੀ ਨੂੰ ਦੇਖਿਆ ਹੈ ਜਿਸ ਨੇ ਦਿਖਾਇਆ ਹੈ ਕਿ ਉਹ ਸਮਝਦਾਰ ਹੈ? ਸ਼ਾਇਦ ਉਹ ਤੁਹਾਡੇ ਪਰਿਵਾਰ ਵਿਚ ਹੋਣ, ਜਿਵੇਂ ਤੁਹਾਡੇ ਡੈਡੀ, ਚਾਚੇ, ਮਾਮੇ। ਤੁਹਾਡੇ ਸਮਝਦਾਰ ਦੋਸਤ ਹੋ ਸਕਦੇ ਹਨ ਜਾਂ ਤੁਹਾਡੀ ਜਾਣ-ਪਛਾਣ ਵਿਚ ਹੋਰ ਸਮਝਦਾਰ ਆਦਮੀ ਹੋ ਸਕਦੇ ਹਨ ਜਿਨ੍ਹਾਂ ਦੀ ਤੁਸੀਂ ਰੀਸ ਕਰ ਸਕਦੇ ਹੋ। ਯਹੋਵਾਹ ਦੇ ਗਵਾਹਾਂ ਦੀਆਂ ਮੰਡਲੀਆਂ ਵਿਚ ਬਹੁਤ ਸਾਰੇ ਸਮਝਦਾਰ ਆਦਮੀ ਹਨ। ਬਾਈਬਲ ਵਿਚ ਬਹੁਤ ਸਾਰੀਆਂ ਵਧੀਆ ਮਿਸਾਲਾਂ ਹਨ ਜਿਸ ਵਿਚ ਤੀਤੁਸ ਦੀ ਮਿਸਾਲ ਵੀ ਸ਼ਾਮਲ ਹੈ। ਉਸ ਨੇ ਨੌਜਵਾਨਾਂ ਲਈ ਵਧੀਆ ਮਿਸਾਲ ਕਾਇਮ ਕੀਤੀ।​—ਤੀਤੁਸ 2:6-8.

     ਸੁਝਾਅ: ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ ਕਿਤਾਬ ਤੋਂ ਬਾਈਬਲ ਵਿੱਚੋਂ ਵਧੀਆ ਆਦਮੀਆਂ ਦੀਆਂ ਮਿਸਾਲਾਂ ਤੋਂ ਸਿੱਖੋ ਜਿਨ੍ਹਾਂ ਵਿਚ ਹਾਬਲ, ਨੂਹ, ਅਬਰਾਮ, ਸਮੂਏਲ, ਏਲੀਯਾਹ, ਯੂਨਾਹ, ਯੂਸੁਫ਼ ਅਤੇ ਪਤਰਸ ਸ਼ਾਮਲ ਹਨ।