ਨੌਜਵਾਨ ਪੁੱਛਦੇ ਹਨ
ਬੋਰ ਹੋਣ ʼਤੇ ਮੈਂ ਕੀ ਕਰਾਂ?
ਮੀਂਹ ਵਾਲੇ ਦਿਨ ਜੇ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋਵੇ ਜਾਂ ਕਰਨ ਲਈ ਕੋਈ ਕੰਮ ਨਾ ਹੋਵੇ, ਤਾਂ ਕੁਝ ਲੋਕ ਬੇਚੈਨ ਹੋ ਜਾਂਦੇ ਹਨ। ਰੌਬਰਟ ਨਾਂ ਦਾ ਨੌਜਵਾਨ ਕਹਿੰਦਾ ਹੈ: “ਇੱਦਾਂ ਦੇ ਟਾਈਮ ʼਤੇ ਮੈਂ ਬਸ ਬੈਠਾ ਰਹਿੰਦਾ ਹਾਂ ਅਤੇ ਮੈਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਕਰਾਂ ਕੀ।”
ਕੀ ਤੁਹਾਨੂੰ ਵੀ ਕਦੇ ਇੱਦਾਂ ਲੱਗਾ ਹੈ? ਜੇ ਹਾਂ, ਤਾਂ ਇਹ ਲੇਖ ਤੁਹਾਡੀ ਮਦਦ ਕਰੇਗਾ ਕਿ ਇੱਦਾਂ ਦੇ ਹਾਲਾਤ ਦੌਰਾਨ ਤੁਸੀਂ ਕੀ ਕਰ ਸਕਦੇ ਹੋ ਤਾਂਕਿ ਤੁਸੀਂ ਬੋਰ ਨਾ ਹੋਵੋ।
ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ?
ਫ਼ੋਨ ਜਾਂ ਟੈਬਲੇਟ ਸ਼ਾਇਦ ਕੰਮ ਨਾ ਆਉਣ।
ਆਪਣਾ ਸਮਾਂ ਬਿਤਾਉਣ ਦਾ ਇਕ ਤਰੀਕਾ ਹੈ, ਇੰਟਰਨੈੱਟ ਚਲਾਉਣਾ। ਜੇ ਤੁਸੀਂ 24 ਘੰਟੇ ਇੰਟਰਨੈੱਟ ਹੀ ਚਲਾਉਂਦੇ ਰਹੋਗੇ, ਤਾਂ ਤੁਸੀਂ ਕੁਝ ਵੀ ਨਵਾਂ ਕਰਨ ਬਾਰੇ ਨਹੀਂ ਸੋਚੋਗੇ ਅਤੇ ਕੁਝ ਸਮੇਂ ਬਾਅਦ ਬੋਰ ਹੋ ਜਾਓਗੇ। 21 ਸਾਲ ਦਾ ਜਰਮੀ ਕਹਿੰਦਾ ਹੈ, “ਤੁਹਾਨੂੰ ਇੱਦਾਂ ਲੱਗੇਗਾ ਜਿਵੇਂ ਤੁਸੀਂ ਬਿਨਾਂ ਸੋਚੇ-ਸਮਝੇ ਬਸ ਸਕ੍ਰੀਨ ਦੇਖੀ ਜਾ ਰਹੇ ਹੋ।”
ਐਲੇਨਾ ਨਾਂ ਦੀ ਇਕ ਕੁੜੀ ਨੂੰ ਵੀ ਇੱਦਾਂ ਹੀ ਲੱਗਦਾ ਹੈ। ਉਹ ਕਹਿੰਦੀ ਹੈ, “ਅਸੀਂ ਕੁਝ ਸਮੇਂ ਤਕ ਹੀ ਸਿਰਫ਼ ਟੈਬਲੇਟ ਜਾਂ ਫ਼ੋਨ ਦਾ ਇਸਤੇਮਾਲ ਕਰ ਸਕਦੇ ਹਾਂ। ਜੇ ਅਸੀਂ 24 ਘੰਟੇ ਇਸ ਨਾਲ ਹੀ ਚਿੰਬੜੇ ਰਹਾਂਗੇ, ਤਾਂ ਸਾਨੂੰ ਪਤਾ ਹੀ ਨਹੀਂ ਲੱਗੇਗਾ ਕਿ ਸਾਡੇ ਆਲੇ-ਦੁਆਲੇ ਕੀ ਹੋ ਰਿਹਾ ਹੈ। ਇਸ ਲਈ ਫ਼ੋਨ ਜਾਂ ਟੈਬਲੇਟ ਬੰਦ ਕਰਨ ਤੋਂ ਬਾਅਦ ਅਸੀਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਬੋਰ ਹੋ ਜਾਵਾਂਗੇ।”
ਸਹੀ ਨਜ਼ਰੀਆ ਰੱਖਣਾ ਜ਼ਰੂਰੀ ਹੈ।
ਬੋਰ ਹੋਣ ਤੋਂ ਬਚਣ ਲਈ ਬਹੁਤ ਸਾਰਾ ਕੰਮ ਕਰਨਾ ਹੀ ਕਾਫ਼ੀ ਨਹੀਂ ਹੈ, ਸਗੋਂ ਤੁਹਾਨੂੰ ਹਰ ਕੰਮ ਮਨ ਲਾ ਕੇ ਕਰਨਾ ਚਾਹੀਦਾ ਹੈ। ਮਿਸਾਲ ਲਈ, ਕੈਰਨ ਨਾਂ ਦੀ ਕੁੜੀ ਆਪਣੇ ਸਕੂਲ ਦੇ ਦਿਨਾਂ ਨੂੰ ਯਾਦ ਕਰਦੀ ਹੋਈ ਕਹਿੰਦੀ ਹੈ, “ਸਕੂਲ ਵਿਚ ਮੇਰੇ ਕੋਲ ਕਰਨ ਲਈ ਢੇਰ ਸਾਰਾ ਕੰਮ ਹੁੰਦਾ ਸੀ, ਪਰ ਫਿਰ ਵੀ ਮੈਂ ਬੋਰ ਹੋ ਜਾਂਦੀ ਸੀ ਕਿਉਂਕਿ ਮੈਂ ਕੋਈ ਵੀ ਕੰਮ ਮਨ ਲਾ ਕੇ ਨਹੀਂ ਕਰਦੀ ਸੀ। ਜੇ ਤੁਸੀਂ ਬੋਰ ਨਹੀਂ ਹੋਣਾ ਚਾਹੁੰਦੇ, ਤਾਂ ਹਰ ਕੰਮ ਮਨ ਲਾ ਕੇ ਕਰੋ।”
ਕੀ ਤੁਸੀਂ ਜਾਣਦੇ ਸੀ? ਖਾਲੀ ਸਮਾਂ ਵਿਹਲੇ ਬੈਠਣ ਲਈ ਨਹੀਂ, ਸਗੋਂ ਕੁਝ ਨਵਾਂ ਸਿੱਖਣ ਲਈ ਹੁੰਦਾ ਹੈ। ਖਾਲੀ ਸਮਾਂ ਉਪਜਾਊ ਮਿੱਟੀ ਵਰਗਾ ਹੈ ਜਿਸ ਵਿਚ ਕੁਝ ਨਵਾਂ ਉੱਗ ਸਕਦਾ ਹੈ। ਤੁਸੀਂ ਸਮੇਂ ਦਾ ਸਹੀ ਇਸਤੇਮਾਲ ਕਰ ਕੇ ਕੁਝ ਨਵਾਂ ਸਿੱਖ ਸਕਦੇ ਹੋ।
ਤੁਸੀਂ ਕੀ ਕਰ ਸਕਦੇ ਹੋ?
ਕੁਝ ਨਵਾਂ ਕਰੋ। ਨਵੇਂ ਦੋਸਤ ਬਣਾਓ, ਕੁਝ ਨਵਾਂ ਸਿੱਖੋ ਅਤੇ ਨਵੀਆਂ-ਨਵੀਆਂ ਚੀਜ਼ਾਂ ਬਾਰੇ ਜਾਣਕਾਰੀ ਲਓ। ਜਿਹੜੇ ਲੋਕ ਨਵੀਆਂ-ਨਵੀਆਂ ਚੀਜ਼ਾਂ ਨੂੰ ਸਿੱਖਣ ਵਿਚ ਦਿਲਚਸਪੀ ਲੈਂਦੇ ਹਨ, ਉਹ ਨਾ ਤਾਂ ਖ਼ੁਦ ਬੋਰ ਹੁੰਦੇ ਹਨ ਅਤੇ ਨਾ ਹੀ ਦੂਜਿਆਂ ਨੂੰ ਬੋਰ ਕਰਦੇ ਹਨ।
ਬਾਈਬਲ ਦਾ ਅਸੂਲ: “ਜੋ ਵੀ ਕੰਮ ਤੇਰੇ ਹੱਥ ਲੱਗਦਾ ਹੈ, ਉਸ ਨੂੰ ਪੂਰਾ ਜ਼ੋਰ ਲਾ ਕੇ ਕਰ।”—ਉਪਦੇਸ਼ਕ ਦੀ ਕਿਤਾਬ 9:10.
“ਮੈਂ ਹਾਲ ਹੀ ਵਿਚ ਚੀਨੀ ਮੈਂਦਾਰਿਨ ਭਾਸ਼ਾ ਸਿੱਖਣੀ ਸ਼ੁਰੂ ਕੀਤੀ ਹੈ। ਹਰ ਦਿਨ ਇਸ ਦੀ ਪ੍ਰੈਕਟਿਸ ਕਰਨ ਨਾਲ ਮੈਨੂੰ ਅਹਿਸਾਸ ਹੋਇਆ ਕਿ ਕਾਸ਼ ਮੈਂ ਬਹੁਤ ਪਹਿਲਾਂ ਹੀ ਆਪਣਾ ਦਿਮਾਗ਼ ਇੱਦਾਂ ਦੇ ਕੰਮਾਂ ਵਿਚ ਲਾਇਆ ਹੁੰਦਾ। ਮੈਨੂੰ ਇਹ ਭਾਸ਼ਾ ਸਿੱਖਣ ਵਿਚ ਬਹੁਤ ਮਜ਼ਾ ਆਉਂਦਾ ਹੈ। ਹੁਣ ਮੇਰਾ ਸਾਰਾ ਧਿਆਨ ਇਸ ਵਿਚ ਲੱਗਾ ਰਹਿੰਦਾ ਹੈ ਅਤੇ ਮੈਂ ਆਪਣੇ ਸਮੇਂ ਦਾ ਸਹੀ ਇਸਤੇਮਾਲ ਕਰ ਪਾ ਰਹੀ ਹਾਂ।”—ਮਲਿੰਡਾ।
ਸੋਚੋ ਕਿ ਤੁਸੀਂ ਕੋਈ ਕੰਮ ਕਿਉਂ ਕਰ ਰਹੇ ਹੋ। ਜਦੋਂ ਤੁਸੀਂ ਸੋਚੋਗੇ ਕਿ ਤੁਸੀਂ ਕੋਈ ਕੰਮ ਕਿਉਂ ਕਰ ਰਹੇ ਹੋ ਅਤੇ ਤੁਹਾਨੂੰ ਇਹ ਕੰਮ ਕਰਨ ਦਾ ਕੀ ਫ਼ਾਇਦਾ ਹੋਵੇਗਾ, ਤਾਂ ਤੁਹਾਨੂੰ ਇਹ ਕੰਮ ਕਰਨ ਵਿਚ ਮਜ਼ਾ ਆਵੇਗਾ। ਇੱਥੋਂ ਤਕ ਕਿ ਸਕੂਲ ਦਾ ਕੰਮ ਕਰਦਿਆਂ ਵੀ ਤੁਸੀਂ ਬੋਰ ਨਹੀਂ ਹੋਵੋਗੇ।
ਬਾਈਬਲ ਦਾ ਅਸੂਲ: “ਇਨਸਾਨ ਲਈ ਇਸ ਨਾਲੋਂ ਚੰਗਾ ਹੋਰ ਕੁਝ ਨਹੀਂ ਕਿ ਉਹ . . . ਖ਼ੁਸ਼ੀ-ਖ਼ੁਸ਼ੀ ਮਿਹਨਤ ਕਰੇ।”—ਉਪਦੇਸ਼ਕ ਦੀ ਕਿਤਾਬ 2:24.
“ਪੇਪਰਾਂ ਤੋਂ ਪਹਿਲਾਂ ਮੈਂ ਕੁਝ ਵੀ ਨਹੀਂ ਸੀ ਪੜ੍ਹਿਆ। ਇਸ ਲਈ ਮੈਂ ਰੋਜ਼ 8 ਘੰਟੇ ਪੜ੍ਹਦੀ ਸੀ। ਇੰਨੀ ਪੜ੍ਹਾਈ ਕਰਨ ਦੇ ਬਾਵਜੂਦ ਵੀ ਮੈਂ ਬੋਰ ਨਹੀਂ ਹੋਈ ਕਿਉਂਕਿ ਮੈਂ ਆਪਣੇ ਮਨ ਵਿਚ ਪੱਕਾ ਧਾਰ ਲਿਆ ਸੀ ਕਿ ਮੈਂ ਪੇਪਰਾਂ ਵਿੱਚੋਂ ਜ਼ਰੂਰ ਪਾਸ ਹੋਣਾ ਹੈ। ਇਸ ਲਈ ਮੈਂ ਮਿਹਨਤ ਕਰਨਾ ਚਾਹੁੰਦੀ ਸੀ।”—ਹੈਨਾਹ।
ਤੁਸੀਂ ਜੋ ਨਹੀਂ ਕਰ ਸਕਦੇ, ਉਸ ਬਾਰੇ ਸੋਚ-ਸੋਚ ਕੇ ਪਰੇਸ਼ਾਨ ਨਾ ਹੋਵੋ। ਕੁਝ ਕੰਮ ਬਹੁਤ ਮਜ਼ੇਦਾਰ ਹੁੰਦੇ ਹਨ, ਪਰ ਇਨ੍ਹਾਂ ਦੇ ਕੁਝ ਪਹਿਲੂ ਤੁਹਾਨੂੰ ਬੋਰ ਕਰ ਸਕਦੇ ਹਨ। ਇੱਦਾਂ ਹੋਣ ʼਤੇ ਪਰੇਸ਼ਾਨ ਨਾ ਹੋਵੋ। ਸ਼ਾਇਦ ਤੁਸੀਂ ਅਤੇ ਤੁਹਾਡੇ ਕੁਝ ਦੋਸਤਾਂ ਨੇ ਇਕੱਠੇ ਮਿਲ ਕੇ ਕੁਝ ਕਰਨ ਦਾ ਪਲੈਨ ਬਣਾਇਆ ਹੋਵੇ, ਪਰ ਅਚਾਨਕ ਤੁਹਾਡੇ ਦੋਸਤ ਉਹ ਪਲੈਨ ਕੈਂਸਲ ਕਰ ਦਿੰਦੇ ਹਨ। ਇਸ ਲਈ ਤੁਹਾਡੇ ਕੋਲ ਕਰਨ ਲਈ ਕੁਝ ਨਹੀਂ ਹੁੰਦਾ। ਇੱਦਾਂ ਹੋਣ ʼਤੇ ਉਦਾਸ ਨਾ ਹੋਵੋ, ਸਗੋਂ ਖ਼ੁਸ਼ ਰਹੋ।
ਬਾਈਬਲ ਦਾ ਅਸੂਲ: “ਖ਼ੁਸ਼ਦਿਲ ਇਨਸਾਨ ਹਮੇਸ਼ਾ ਦਾਅਵਤਾਂ ਦਾ ਮਜ਼ਾ ਲੈਂਦਾ ਹੈ।”—ਕਹਾਉਤਾਂ 15:15.
“ਮੇਰੀ ਇਕ ਸਹੇਲੀ ਨੇ ਮੈਨੂੰ ਕਿਹਾ ਕਿ ਮੈਂ ਇਕੱਲੇ ਹੁੰਦਿਆਂ ਵੀ ਖ਼ੁਸ਼ ਰਹਿਣਾ ਸਿੱਖਾਂ। ਸਾਨੂੰ ਸਿਰਫ਼ ਦੂਸਰਿਆਂ ਨਾਲ ਹੀ ਨਹੀਂ, ਸਗੋਂ ਇਕੱਲਿਆਂ ਵੀ ਸਮਾਂ ਬਿਤਾਉਣਾ ਚਾਹੀਦਾ ਹੈ। ਸਾਨੂੰ ਸਾਰਿਆਂ ਨੂੰ ਇੱਦਾਂ ਕਰਨਾ ਸਿੱਖਣਾ ਚਾਹੀਦਾ ਹੈ ਕਿਉਂਕਿ ਇਹ ਜ਼ਿੰਦਗੀ ਵਿਚ ਬਹੁਤ ਕੰਮ ਆਉਂਦਾ ਹੈ।”—ਆਇਵੀ।