ਨੌਜਵਾਨ ਪੁੱਛਦੇ ਹਨ
ਉਦੋਂ ਕੀ ਜੇ ਲੋਕ ਮੇਰੇ ਬਾਰੇ ਗੱਪ-ਸ਼ੱਪ ਕਰਦੇ ਹਨ?
ਇਸ ਨਾਲ ਦੁੱਖ ਕਿਉਂ ਪਹੁੰਚਦਾ ਹੈ?
ਕੁਝ ਤਰ੍ਹਾਂ ਦੀ ਗੱਪ-ਸ਼ੱਪ ਨੁਕਸਾਨ ਪਹੁੰਚਾਉਣ ਵਾਲੀ ਹੁੰਦੀ ਹੈ। ਮਿਸਾਲ ਲਈ, ਉਹ ਝੂਠ ਜੋ ਜਾਣ-ਬੁੱਝ ਕੇ ਤੁਹਾਡੇ ਨਾਂ ਨੂੰ ਬਦਨਾਮ ਕਰਨ ਲਈ ਬੋਲਿਆ ਜਾਂਦਾ ਹੈ। ਪਰ ਭਾਵੇਂ ਕਿ ਕੋਈ ਗੱਪ-ਸ਼ੱਪ ਇੰਨੀ ਗੰਭੀਰ ਨਾ ਵੀ ਹੋਵੇ, ਤਾਂ ਵੀ ਇਸ ਨਾਲ ਦੁੱਖ ਪਹੁੰਚ ਸਕਦਾ ਹੈ, ਖ਼ਾਸ ਕਰਕੇ ਉਦੋਂ ਜਦੋਂ ਇਹ ਗੱਲ ਉਸ ਵਿਅਕਤੀ ਦੁਆਰਾ ਫੈਲਾਈ ਜਾਂਦੀ ਹੈ ਜਿਸ ਬਾਰੇ ਤੁਹਾਨੂੰ ਲੱਗਦਾ ਸੀ ਕਿ ਉਹ ਤੁਹਾਡਾ ਦੋਸਤ ਸੀ।—ਜ਼ਬੂਰਾਂ ਦੀ ਪੋਥੀ 55:12-14.
“ਮੈਨੂੰ ਪਤਾ ਲੱਗਾ ਕਿ ਮੇਰੀ ਇਕ ਸਹੇਲੀ ਮੇਰੀ ਪਿੱਠ ਪਿੱਛੇ ਕਹਿੰਦੀ ਹੈ ਕਿ ਮੈਂ ਲੋਕਾਂ ਦੀ ਕੋਈ ਪਰਵਾਹ ਨਹੀਂ ਕਰਦੀ। ਇਹ ਜਾਣ ਕੇ ਮੈਨੂੰ ਵਾਕਈ ਦੁੱਖ ਲੱਗਾ! ਮੈਨੂੰ ਸਮਝ ਨਹੀਂ ਲੱਗਦੀ ਕਿ ਉਹ ਇੱਦਾਂ ਦੀ ਗੱਲ ਕਿਵੇਂ ਕਹਿ ਸਕਦੀ ਸੀ।”—ਐਸ਼ਲੀ।
ਸੱਚਾਈ: ਚਾਹੇ ਗੱਲਾਂ ਫੈਲਾਉਣ ਵਾਲਾ ਤੁਹਾਡਾ ਕਰੀਬੀ ਦੋਸਤ ਹੈ ਜਾਂ ਨਹੀਂ, ਪਰ ਇਹ ਜਾਣ ਕੇ ਖ਼ੁਸ਼ੀ ਨਹੀਂ ਹੁੰਦੀ ਕਿ ਦੂਜੇ ਲੋਕ ਤੁਹਾਡੇ ਬਾਰੇ ਬੁਰੀਆਂ ਗੱਲਾਂ ਕਹਿ ਰਹੇ ਹਨ।
ਬੁਰੀ ਖ਼ਬਰ—ਤੁਸੀਂ ਹਮੇਸ਼ਾ ਇਸ ਨੂੰ ਰੋਕ ਨਹੀਂ ਸਕਦੇ
ਲੋਕ ਸ਼ਾਇਦ ਕਈ ਕਾਰਨਾਂ ਕਰਕੇ ਗੱਲਾਂ ਫੈਲਾਉਣ ਜਿਨ੍ਹਾਂ ਵਿੱਚੋਂ ਕੁਝ ਇਹ ਹਨ:
ਦਿਲਚਸਪੀ। ਇਨਸਾਨ ਇਕ-ਦੂਜੇ ਨਾਲ ਗੱਲਾਂ ਕਰਨੀਆਂ ਪਸੰਦ ਕਰਦੇ ਹਨ। ਇਸ ਲਈ ਕੁਦਰਤੀ ਹੈ ਕਿ ਅਸੀਂ ਇਕ-ਦੂਜੇ ਨਾਲ (ਅਤੇ ਇਕ-ਦੂਜੇ ਬਾਰੇ) ਗੱਲ ਕਰਦੇ ਹਾਂ। ਦਰਅਸਲ, ਬਾਈਬਲ ਸਾਨੂੰ ਹੱਲਾਸ਼ੇਰੀ ਦਿੰਦੀ ਹੈ ਕਿ ਅਸੀਂ ਕੁਝ ਹੱਦ ਤਕ ਦੂਜਿਆਂ ਵਿਚ ਦਿਲਚਸਪੀ ਲਈਏ।—ਫ਼ਿਲਿੱਪੀਆਂ 2:4.
“ਗੱਲ ਕਰਨ ਲਈ ਹਮੇਸ਼ਾ ਲੋਕ ਹੀ ਸਭ ਤੋਂ ਦਿਲਚਸਪ ਵਿਸ਼ਾ ਹੁੰਦੇ ਹਨ।”—ਬਿਆਂਕਾ।
“ਮੈਨੂੰ ਇਹ ਗੱਲ ਮੰਨਣੀ ਪੈਣੀ ਕਿ ਮੈਨੂੰ ਇਹ ਜਾਣਨਾ ਪਸੰਦ ਹੈ ਕਿ ਬਾਕੀ ਲੋਕਾਂ ਦੀ ਜ਼ਿੰਦਗੀ ਵਿਚ ਕੀ ਹੋ ਰਿਹਾ ਹੈ ਅਤੇ ਇਸ ਬਾਰੇ ਦੂਜਿਆਂ ਨਾਲ ਗੱਲ ਕਰਨੀ ਪਸੰਦ ਹੈ। ਮੈਨੂੰ ਪਤਾ ਨਹੀਂ ਕਿਉਂ, ਪਰ ਇੱਦਾਂ ਕਰ ਕੇ ਮਜ਼ਾ ਆਉਂਦਾ।”—ਕੇਟੀ।
ਵਿਹਲਾ ਸਮਾਂ। ਬਾਈਬਲ ਸਮਿਆਂ ਵਿਚ ਲੋਕ “ਆਪਣਾ ਵਿਹਲਾ ਸਮਾਂ ਨਵੀਆਂ-ਨਵੀਆਂ ਗੱਲਾਂ ਦੱਸਣ ਤੇ ਸੁਣਨ ਵਿਚ ਹੀ ਲਾਉਂਦੇ ਸਨ।” (ਰਸੂਲਾਂ ਦੇ ਕੰਮ 17:21) ਅੱਜ ਵੀ ਇਹੀ ਗੱਲ ਸੱਚ ਹੈ!
“ਕਦੀ-ਕਦਾਈਂ ਜਦੋਂ ਕੋਈ ਕਰਨ ਨੂੰ ਗੱਲ ਨਹੀਂ ਹੁੰਦੀ, ਤਾਂ ਲੋਕ ਆਪਣੇ ਆਪ ਗੱਲ ਬਣਾ ਕੇ ਇਸ ਬਾਰੇ ਗੱਲ ਕਰਦੇ ਹਨ।”—ਜੋਐਨਾ।
ਆਤਮ-ਵਿਸ਼ਵਾਸ ਦੀ ਕਮੀ। ਇਸੇ ਕਰਕੇ ਬਾਈਬਲ ਆਪਣੀ ਤੁਲਨਾ ਦੂਜਿਆਂ ਨਾਲ ਕਰਨ ਦੇ ਝੁਕਾਅ ਬਾਰੇ ਚੇਤਾਵਨੀ ਦਿੰਦੀ ਹੈ। (ਗਲਾਤੀਆਂ 6:4) ਅਫ਼ਸੋਸ ਦੀ ਗੱਲ ਹੈ ਕਿ ਕੁਝ ਲੋਕ ਆਪਣੇ ਵਿਚ ਵਿਸ਼ਵਾਸ ਦੀ ਕਮੀ ਕਰਕੇ ਦੂਜਿਆਂ ਬਾਰੇ ਗ਼ਲਤ ਗੱਲਾਂ ਫੈਲਾਉਂਦੇ ਹਨ।
“ਨੁਕਸਾਨਦੇਹ ਗੱਪ-ਸ਼ੱਪ ਕਰਨ ਵਾਲਿਆਂ ਤੋਂ ਉਨ੍ਹਾਂ ਬਾਰੇ ਇਹ ਗੱਲਾਂ ਪਤਾ ਲੱਗਦੀਆਂ ਹਨ। ਇਸ ਦਾ ਅਕਸਰ ਮਤਲਬ ਹੁੰਦਾ ਹੈ ਕਿ ਉਹ ਉਸ ਵਿਅਕਤੀ ਨਾਲ ਦਿਲੋਂ ਈਰਖਾ ਕਰਦੇ ਹਨ ਜਿਸ ਬਾਰੇ ਉਹ ਗੱਲਾਂ ਫੈਲਾਉਂਦੇ ਹਨ। ਉਹ ਗੱਲਾਂ ਫੈਲਾ ਕੇ ਆਪਣੇ ਬਾਰੇ ਚੰਗਾ ਮਹਿਸੂਸ ਕਰਨਾ ਚਾਹੁੰਦੇ ਹਨ ਅਤੇ ਆਪਣੇ ਆਪ ਨੂੰ ਯਕੀਨ ਦਿਵਾਉਣਾ ਚਾਹੁੰਦੇ ਹਨ ਕਿ ਉਹ ਉਸ ਵਿਅਕਤੀ ਨਾਲੋਂ ਚੰਗੇ ਹਨ।”—ਫਿਲ।
ਸੱਚਾਈ: ਚਾਹੇ ਤੁਹਾਨੂੰ ਚੰਗਾ ਲੱਗੇ ਜਾਂ ਨਾ, ਪਰ ਲੋਕ ਦੂਜਿਆਂ ਬਾਰੇ ਗੱਲਾਂ ਕਰਨਗੇ ਜਿਸ ਵਿਚ ਤੁਸੀਂ ਵੀ ਸ਼ਾਮਲ ਹੋ।
ਖ਼ੁਸ਼ੀ ਦੀ ਖ਼ਬਰ—ਇਨ੍ਹਾਂ ਦਾ ਆਪਣੇ ʼਤੇ ਅਸਰ ਨਾ ਪੈਣ ਦਿਓ
ਜ਼ਾਹਰ ਹੈ ਕਿ ਤੁਸੀਂ ਆਪਣੇ ਬਾਰੇ ਕੀਤੀ ਜਾਂਦੀ ਹਰ ਗੱਪ-ਸ਼ੱਪ ਨੂੰ ਰੋਕ ਨਹੀਂ ਸਕਦੇ, ਪਰ ਤੁਸੀਂ ਇਹ ਫ਼ੈਸਲਾ ਕਰ ਸਕਦੇ ਹੋ ਕਿ ਤੁਸੀਂ ਇਸ ਨੂੰ ਸੁਣ ਕੇ ਕਿੱਦਾਂ ਪੇਸ਼ ਆਓਗੇ। ਜੇ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਡੇ ਬਾਰੇ ਸਾਰੇ ਪਾਸੇ ਗੱਲਾਂ ਫੈਲ ਰਹੀਆਂ ਹਨ, ਤਾਂ ਤੁਹਾਡੇ ਕੋਲ ਦੋ ਰਾਹ ਹਨ।
ਪਹਿਲਾ ਰਾਹ: ਨਜ਼ਰਅੰਦਾਜ਼ ਕਰੋ। ਅਕਸਰ ਸਭ ਤੋਂ ਵਧੀਆ ਹੱਲ ਹੁੰਦਾ ਹੈ ਕਿ ਇਸ ਨੂੰ ਨਜ਼ਰਅੰਦਾਜ਼ ਕਰੋ, ਖ਼ਾਸ ਕਰਕੇ ਜੇ ਗੱਲ ਮਾੜੀ-ਮੋਟੀ ਹੈ। ਬਾਈਬਲ ਦਾ ਅਸੂਲ ਲਾਗੂ ਕਰੋ: “ਤੂੰ ਆਪਣੇ ਜੀ ਵਿੱਚ ਛੇਤੀ ਖਿਝ ਨਾ ਕਰ।”—ਉਪਦੇਸ਼ਕ ਦੀ ਪੋਥੀ 7:9.
“ਮੇਰੇ ਬਾਰੇ ਇਕ ਗੱਲ ਫੈਲਾਈ ਗਈ ਕਿ ਮੈਂ ਕਿਸੇ ਮੁੰਡੇ ਨਾਲ ਡੇਟਿੰਗ ਕਰ ਰਹੀ ਹਾਂ ਜਿਸ ਨੂੰ ਮੈਂ ਕਦੀ ਮਿਲੀ ਵੀ ਨਹੀਂ ਸੀ! ਇਹ ਇੰਨੀ ਕੁ ਬਚਕਾਨਾ ਹਰਕਤ ਸੀ ਕਿ ਮੈਂ ਇਸ ਗੱਲ ਨੂੰ ਹੱਸ ਕੇ ਛੱਡ ਦਿੱਤਾ।”—ਐਲਿਸ।
“ਗੱਪ-ਸ਼ੱਪ ਖ਼ਿਲਾਫ਼ ਸਭ ਤੋਂ ਵਧੀਆ ਹਥਿਆਰ ਤੁਹਾਡੀ ਵਧੀਆ ਨੇਕਨਾਮੀ ਹੈ। ਭਾਵੇਂ ਤੁਹਾਡੇ ਬਾਰੇ ਕੋਈ ਝੂਠੀ ਗੱਲ ਫੈਲਾਈ ਜਾਂਦੀ ਹੈ, ਪਰ ਜਦੋਂ ਲੋਕ ਤੁਹਾਡੀ ਚੰਗੀ ਨੇਕਨਾਮੀ ਦੇਖਣਗੇ, ਤਾਂ ਕੁਝ ਲੋਕ ਹੀ ਉਸ ਝੂਠੀ ਗੱਲ ʼਤੇ ਵਿਸ਼ਵਾਸ ਕਰਨਗੇ। ਤੁਹਾਡੇ ਬਾਰੇ ਸੱਚਾਈ ਸਾਮ੍ਹਣੇ ਆ ਜਾਵੇਗੀ।”—ਐਲੀਸਨ।
ਸੁਝਾਅ: ਲਿਖੋ ਕਿ (1) ਤੁਹਾਡੇ ਬਾਰੇ ਕੀ ਕਿਹਾ ਗਿਆ ਹੈ ਅਤੇ (2) ਤੁਹਾਨੂੰ ਸੁਣ ਕੇ ਕਿਵੇਂ ਲੱਗਾ। ਇਕ ਵਾਰ ਜਦੋਂ ਤੁਸੀਂ ਉਸ ਗੱਲ ʼਤੇ “ਆਪਣੇ ਮਨਾਂ” ਵਿਚ ਸੋਚ-ਵਿਚਾਰ ਕਰੋਗੇ, ਤਾਂ ਤੁਹਾਡੇ ਲਈ ਉਸ ਗੱਲ ਨੂੰ ਭੁਲਾਉਣਾ ਜ਼ਿਆਦਾ ਸੌਖਾ ਹੋਵੇਗਾ।—ਜ਼ਬੂਰਾਂ ਦੀ ਪੋਥੀ 4:4.
ਦੂਜਾ ਰਾਹ: ਉਸ ਵਿਅਕਤੀ ਨਾਲ ਗੱਲ ਕਰੋ ਜਿਸ ਨੇ ਗੱਲ ਫੈਲਾਉਣੀ ਸ਼ੁਰੂ ਕੀਤੀ ਸੀ। ਕੁਝ ਮਾਮਲਿਆਂ ਵਿਚ ਤੁਹਾਨੂੰ ਸ਼ਾਇਦ ਲੱਗੇ ਕਿ ਫੈਲਾਈ ਗਈ ਗੱਲ ਇੰਨੀ ਗੰਭੀਰ ਹੈ ਕਿ ਤੁਹਾਨੂੰ ਉਸ ਵਿਅਕਤੀ ਨਾਲ ਗੱਲ ਕਰਨੀ ਪੈਣੀ ਜਿਸ ਨੇ ਇਸ ਨੂੰ ਸ਼ੁਰੂ ਕੀਤਾ ਸੀ।
“ਜੇ ਤੁਸੀਂ ਉਸ ਵਿਅਕਤੀ ਨਾਲ ਗੱਲ ਕਰਦੇ ਹੋ ਜੋ ਤੁਹਾਡੇ ਬਾਰੇ ਗੱਲਾਂ ਫੈਲਾ ਰਿਹਾ ਹੈ, ਤਾਂ ਸ਼ਾਇਦ ਉਸ ਨੂੰ ਪਤਾ ਲੱਗ ਜਾਵੇ ਕਿ ਉਸ ਨੇ ਤੁਹਾਡੇ ਬਾਰੇ ਜੋ ਕਿਹਾ, ਉਹ ਤੁਹਾਨੂੰ ਪਤਾ ਲੱਗਾ ਗਿਆ ਹੈ। ਨਾਲੇ ਇਸ ਤਰ੍ਹਾਂ ਖੁੱਲ੍ਹ ਕੇ ਗੱਲਬਾਤ ਕਰਨ ਨਾਲ ਤੁਸੀਂ ਮਾਮਲੇ ਨੂੰ ਸੁਲਝਾ ਸਕਦੇ ਹੋ।”—ਐਲਿਸ।
ਜਿਸ ਨੇ ਤੁਹਾਡੇ ਬਾਰੇ ਗੱਲਾਂ ਫੈਲਾਈਆਂ ਹਨ, ਉਸ ਵਿਅਕਤੀ ਨਾਲ ਗੱਲ ਕਰਨ ਤੋਂ ਪਹਿਲਾਂ ਹੇਠਾਂ ਦਿੱਤੇ ਬਾਈਬਲ ਦੇ ਅਸੂਲਾਂ ʼਤੇ ਗੌਰ ਕਰੋ ਅਤੇ ਆਪਣੇ ਆਪ ਤੋਂ ਨਾਲ ਦਿੱਤੇ ਸਵਾਲ ਪੁੱਛੋ।
“ਗੱਲ ਸੁਣਨ ਤੋਂ ਪਹਿਲਾਂ ਜਿਹੜਾ ਉੱਤਰ ਦਿੰਦਾ ਹੈ,— ਇਹ ਉਹ ਦੇ ਲਈ ਮੂਰਖਤਾਈ . . . ਹੈ।” (ਕਹਾਉਤਾਂ 18:13) ‘ਕੀ ਮੈਨੂੰ ਸਾਰੀ ਗੱਲ ਪਤਾ ਹੈ? ਕੀ ਇਹ ਹੋ ਸਕਦਾ ਹੈ ਕਿ ਜਿਸ ਵਿਅਕਤੀ ਨੇ ਮੈਨੂੰ ਗੱਲ ਦੱਸੀ ਹੈ, ਉਸ ਨੂੰ ਸੁਣਨ ਵਿਚ ਕੋਈ ਗ਼ਲਤੀ ਲੱਗੀ ਹੋਵੇ?’
“ਹਰ ਕੋਈ ਸੁਣਨ ਲਈ ਤਿਆਰ ਰਹੇ, ਬੋਲਣ ਵਿਚ ਕਾਹਲੀ ਨਾ ਕਰੇ ਅਤੇ ਜਲਦੀ ਗੁੱਸਾ ਨਾ ਕਰੇ।” (ਯਾਕੂਬ 1:19) ‘ਕੀ ਗੱਲ ਫੈਲਾਉਣ ਵਾਲੇ ਨਾਲ ਗੱਲ ਕਰਨ ਦਾ ਇਹ ਸਭ ਤੋਂ ਵਧੀਆ ਸਮਾਂ ਹੈ? ਕੀ ਮੈਨੂੰ ਭਰੋਸਾ ਹੈ ਕਿ ਮੈਂ ਮਾਮਲੇ ਦੀ ਜਾਂਚ ਕਰ ਕੇ ਗੱਲ ਕਰਨ ਜਾ ਰਿਹਾ ਹਾਂ? ਜਾਂ ਕੀ ਇਹ ਵਧੀਆ ਹੋਵੇਗਾ ਕਿ ਮੈਂ ਕੁਝ ਸਮਾਂ ਲੰਘਣ ਦੇਵਾਂ ਤਾਂਕਿ ਮੇਰਾ ਗੁੱਸਾ ਠੰਢਾ ਹੋ ਜਾਵੇ?’
“ਜਿਸ ਤਰ੍ਹਾਂ ਤੁਸੀਂ ਆਪ ਚਾਹੁੰਦੇ ਹੋ ਕਿ ਦੂਸਰੇ ਤੁਹਾਡੇ ਨਾਲ ਪੇਸ਼ ਆਉਣ, ਤੁਸੀਂ ਵੀ ਉਨ੍ਹਾਂ ਨਾਲ ਉਸੇ ਤਰ੍ਹਾਂ ਪੇਸ਼ ਆਓ।” (ਮੱਤੀ 7:12) ‘ਜੇ ਗੱਲ ਫੈਲਾਉਣ ਵਾਲੇ ਵਿਅਕਤੀ ਦੀ ਜਗ੍ਹਾ ਮੈਂ ਹੁੰਦਾ, ਤਾਂ ਮੈਂ ਕਿੱਦਾਂ ਚਾਹੁੰਦਾ ਕਿ ਕੋਈ ਵਿਅਕਤੀ ਮੇਰੇ ਨਾਲ ਗੱਲ ਕਰੇ? ਮੈਂ ਕਿਸ ਤਰ੍ਹਾਂ ਦੇ ਮਾਹੌਲ ਵਿਚ ਮੁਸ਼ਕਲ ਬਾਰੇ ਗੱਲ ਕਰਨੀ ਚਾਹੁੰਦਾ? ਕਿਹੜੇ ਸ਼ਬਦ ਤੇ ਪੇਸ਼ ਆਉਣ ਦਾ ਕਿਹੜਾ ਤਰੀਕਾ ਸਭ ਤੋਂ ਅਸਰਕਾਰੀ ਹੈ?’
ਸੁਝਾਅ: ਗੱਲ ਫੈਲਾਉਣ ਵਾਲੇ ਵਿਅਕਤੀ ਨਾਲ ਗੱਲ ਕਰਨ ਤੋਂ ਪਹਿਲਾਂ ਲਿਖੋ ਕਿ ਤੁਸੀਂ ਕੀ ਕਹਿਣਾ ਹੈ। ਫਿਰ ਇਕ ਜਾਂ ਦੋ ਹਫ਼ਤੇ ਇੰਤਜ਼ਾਰ ਕਰੋ, ਲਿਖੀਆਂ ਗੱਲਾਂ ਨੂੰ ਦੁਬਾਰਾ ਪੜ੍ਹੋ ਅਤੇ ਦੇਖੋ ਕਿ ਤੁਸੀਂ ਲਿਖੀਆਂ ਗੱਲਾਂ ਵਿਚ ਕਿਹੜੀਆਂ ਤਬਦੀਲੀਆਂ ਕਰਨੀਆਂ ਚਾਹੁੰਦੇ ਹੋ। ਨਾਲੇ ਆਪਣੇ ਮਾਤਾ, ਪਿਤਾ ਜਾਂ ਕਿਸੇ ਸਮਝਦਾਰ ਦੋਸਤ ਨਾਲ ਗੱਲ ਕਰੋ ਅਤੇ ਉਸ ਤੋਂ ਸਲਾਹ ਲਓ।
ਸੱਚਾਈ: ਜ਼ਿੰਦਗੀ ਵਿਚ ਹੋਣ ਵਾਲੀਆਂ ਕਈ ਚੀਜ਼ਾਂ ਦੀ ਤਰ੍ਹਾਂ ਅਸੀਂ ਆਪਣੇ ਬਾਰੇ ਫੈਲਾਈਆਂ ਗੱਲਾਂ ʼਤੇ ਕੰਟ੍ਰੋਲ ਨਹੀਂ ਕਰ ਸਕਦੇ। ਪਰ ਇਸ ਦਾ ਇਹ ਮਤਲਬ ਨਹੀਂ ਕਿ ਇਹ ਤੁਹਾਨੂੰ ਕੰਟ੍ਰੋਲ ਕਰ ਲੈਣ!