ਬਾਈਬਲ ਸ਼ਰਾਬ ਪੀਣ ਬਾਰੇ ਕੀ ਕਹਿੰਦੀ ਹੈ? ਕੀ ਸ਼ਰਾਬ ਪੀਣੀ ਪਾਪ ਹੈ?
ਬਾਈਬਲ ਕਹਿੰਦੀ ਹੈ
ਹਿਸਾਬ ਨਾਲ ਸ਼ਰਾਬ ਪੀਣੀ ਪਾਪ ਨਹੀਂ ਹੈ। ਬਾਈਬਲ ਦੱਸਦੀ ਹੈ ਕਿ ਦਾਖਰਸ ਪਰਮੇਸ਼ੁਰ ਵੱਲੋਂ ਤੋਹਫ਼ਾ ਹੈ ਜਿਸ ਨਾਲ ਜ਼ਿੰਦਗੀ ਖ਼ੁਸ਼ਨੁਮਾ ਬਣਦੀ ਹੈ। (ਜ਼ਬੂਰਾਂ ਦੀ ਪੋਥੀ 104:14, 15; ਉਪਦੇਸ਼ਕ ਦੀ ਪੋਥੀ 3:13; 9:7) ਬਾਈਬਲ ਇਹ ਵੀ ਦੱਸਦੀ ਹੈ ਕਿ ਦਾਖਰਸ ਦੀ ਵਰਤੋਂ ਦਵਾਈ ਦੇ ਤੌਰ ਤੇ ਕੀਤੀ ਜਾ ਸਕਦੀ ਹੈ।—1 ਤਿਮੋਥਿਉਸ 5:23.
ਧਰਤੀ ʼਤੇ ਹੁੰਦਿਆਂ ਯਿਸੂ ਨੇ ਦਾਖਰਸ ਪੀਤਾ ਸੀ। (ਮੱਤੀ 26:29; ਲੂਕਾ 7:34) ਯਿਸੂ ਦੇ ਮੰਨੇ-ਪ੍ਰਮੰਨੇ ਚਮਤਕਾਰਾਂ ਵਿੱਚੋਂ ਇਕ ਚਮਤਕਾਰ ਸੀ ਕਿ ਉਸ ਨੇ ਵਿਆਹ ਦੀ ਦਾਅਵਤ ਵਿਚ ਪਾਣੀ ਨੂੰ ਦਾਖਰਸ ਵਿਚ ਬਦਲਿਆ ਸੀ।—ਯੂਹੰਨਾ 2:1-10.
ਹੱਦੋਂ ਵੱਧ ਸ਼ਰਾਬ ਪੀਣ ਦੇ ਖ਼ਤਰੇ
ਜਿੱਥੇ ਇਕ ਪਾਸੇ ਬਾਈਬਲ ਦਾਖਰਸ ਦੇ ਫ਼ਾਇਦਿਆਂ ਬਾਰੇ ਦੱਸਦੀ ਹੈ, ਉੱਥੇ ਦੂਜੇ ਪਾਸੇ ਇਹ ਹੱਦੋਂ ਵੱਧ ਸ਼ਰਾਬ ਪੀਣ ਅਤੇ ਸ਼ਰਾਬੀ ਹੋਣ ਨੂੰ ਨਿੰਦਦੀ ਹੈ। ਇਸ ਲਈ ਜਿਹੜਾ ਮਸੀਹੀ ਸ਼ਰਾਬ ਪੀਣ ਦਾ ਫ਼ੈਸਲਾ ਕਰਦਾ ਹੈ, ਉਸ ਨੂੰ ਹਮੇਸ਼ਾ ਹਿਸਾਬ ਨਾਲ ਸ਼ਰਾਬ ਪੀਣੀ ਚਾਹੀਦੀ ਹੈ। (1 ਤਿਮੋਥਿਉਸ 3:8; ਤੀਤੁਸ 2:2, 3) ਬਾਈਬਲ ਵਿਚ ਹੱਦੋਂ ਵੱਧ ਸ਼ਰਾਬ ਨਾ ਪੀਣ ਦੇ ਕਈ ਕਾਰਨ ਦੱਸੇ ਹਨ।
ਇਹ ਸਾਡੀ ਸੋਚਣ-ਸਮਝਣ ਅਤੇ ਫ਼ੈਸਲੇ ਲੈਣ ਦੀ ਕਾਬਲੀਅਤ ਨੂੰ ਕਮਜ਼ੋਰ ਕਰ ਦਿੰਦੀ ਹੈ। (ਕਹਾਉਤਾਂ 23:29-35) ਇਕ ਵਿਅਕਤੀ ਸ਼ਰਾਬ ਦੇ ਨਸ਼ੇ ਵਿਚ ਬਾਈਬਲ ਦਾ ਇਹ ਹੁਕਮ ਨਹੀਂ ਮੰਨ ਸਕਦਾ ਕਿ “ਆਪਣੇ ਸਰੀਰਾਂ ਨੂੰ ਅਜਿਹੇ ਬਲੀਦਾਨ ਦੇ ਤੌਰ ਤੇ ਚੜ੍ਹਾਓ ਜੋ ਜੀਉਂਦਾ, ਪਵਿੱਤਰ ਅਤੇ ਪਰਮੇਸ਼ੁਰ ਨੂੰ ਮਨਜ਼ੂਰ ਹੋਵੇ। ਅਤੇ ਇਸ ਤਰ੍ਹਾਂ ਤੁਸੀਂ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਵਰਤ ਕੇ ਭਗਤੀ ਕਰੋ।”—ਰੋਮੀਆਂ 12:1.
ਹੱਦੋਂ ਵੱਧ ਸ਼ਰਾਬ ਪੀਣ ਨਾਲ ਇਕ ਵਿਅਕਤੀ ਆਪਣੇ ਹੋਸ਼ ਗੁਆ ਬੈਠਦਾ ਹੈ ਅਤੇ ਉਸ ਦੀ ‘ਮੱਤ ਮਾਰੀ’ ਜਾਂਦੀ ਹੈ।—ਹੋਸ਼ੇਆ 4:11; ਅਫ਼ਸੀਆਂ 5:18.
ਇਸ ਕਰਕੇ ਤੁਸੀਂ ਗ਼ਰੀਬੀ ਅਤੇ ਗੰਭੀਰ ਬੀਮਾਰੀਆਂ ਦੇ ਸ਼ਿਕਾਰ ਹੋ ਸਕਦੇ ਹੋ।—ਕਹਾਉਤਾਂ 23:21, 31, 32.
ਹੱਦੋਂ ਵੱਧ ਸ਼ਰਾਬ ਪੀਣੀ ਤੇ ਸ਼ਰਾਬੀ ਹੋਣਾ ਪਰਮੇਸ਼ੁਰ ਨੂੰ ਖ਼ੁਸ਼ ਨਹੀਂ ਕਰਦਾ।—ਕਹਾਉਤਾਂ 23:20; ਗਲਾਤੀਆਂ 5:19-21.
ਕਿੰਨੀ ਜ਼ਿਆਦਾ ਹੱਦੋਂ ਵੱਧ ਹੁੰਦੀ ਹੈ?
ਜਦੋਂ ਸ਼ਰਾਬ ਪੀ ਕੇ ਇਕ ਵਿਅਕਤੀ ਆਪਣੇ ਆਪ ਨੂੰ ਜਾਂ ਦੂਸਰਿਆਂ ਨੂੰ ਖ਼ਤਰੇ ਵਿਚ ਪਾਉਂਦਾ ਹੈ, ਤਾਂ ਇਸ ਤੋਂ ਪਤਾ ਚੱਲਦਾ ਹੈ ਕਿ ਉਸ ਨੇ ਜ਼ਿਆਦਾ ਸ਼ਰਾਬ ਪੀਤੀ ਹੋਈ ਹੈ। ਬਾਈਬਲ ਅਨੁਸਾਰ ਉਹੀ ਵਿਅਕਤੀ ਸ਼ਰਾਬੀ ਨਹੀਂ ਹੁੰਦਾ ਜੋ ਪੀ ਕੇ ਬੇਹੋਸ਼ ਹੋ ਜਾਂਦਾ ਹੈ, ਸਗੋਂ ਉਹ ਲੋਕ ਵੀ ਸ਼ਰਾਬੀ ਹੁੰਦੇ ਹਨ ਜੋ ਸ਼ਰਾਬ ਪੀਣ ਤੋਂ ਬਾਅਦ ਆਪਣੇ ਹੋਸ਼ ਗੁਆ ਦਿੰਦੇ ਹਨ, ਲੜਖੜਾ ਕੇ ਚੱਲਦੇ ਹਨ, ਰੁੱਖੇ ਤਰੀਕੇ ਨਾਲ ਪੇਸ਼ ਆਉਂਦੇ ਹਨ ਜਾਂ ਸਹੀ ਤਰ੍ਹਾਂ ਬੋਲ ਨਹੀਂ ਪਾਉਂਦੇ। (ਅੱਯੂਬ 12:25; ਜ਼ਬੂਰਾਂ ਦੀ ਪੋਥੀ 107:27; ਕਹਾਉਤਾਂ 23:29, 30, 33) ਜਿਹੜੇ ਲੋਕ ਜ਼ਿਆਦਾ ਸ਼ਰਾਬ ਨਹੀਂ ਪੀਂਦੇ, ਉਹ ਵੀ ‘ਬੇਹਿਸਾਬੀ ਸ਼ਰਾਬ ਪੀਣ ਦੇ ਬੋਝ ਹੇਠ ਦੱਬ’ ਸਕਦੇ ਹਨ ਅਤੇ ਉਨ੍ਹਾਂ ਨੂੰ ਇਸ ਦੇ ਬੁਰੇ ਅੰਜਾਮ ਭੁਗਤਣੇ ਪੈ ਸਕਦੇ ਹਨ।—ਲੂਕਾ 21:34, 35.
ਪੂਰੀ ਤਰ੍ਹਾਂ ਪਰਹੇਜ਼
ਬਾਈਬਲ ਦੱਸਦੀ ਹੈ ਕਿ ਕਿਹੜੇ ਕੁਝ ਮੌਕਿਆਂ ʼਤੇ ਮਸੀਹੀਆਂ ਨੂੰ ਸ਼ਰਾਬ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ:
ਜੇ ਇੱਦਾਂ ਕਰਨ ਕਰਕੇ ਕਿਸੇ ਨੂੰ ਠੋਕਰ ਲੱਗਦੀ ਹੈ।—ਰੋਮੀਆਂ 14:21.
ਜੇ ਇੱਦਾਂ ਕਰਨਾ ਉਸ ਜਗ੍ਹਾ ਦੇ ਕਾਨੂੰਨ ਦੇ ਖ਼ਿਲਾਫ਼ ਹੈ।—ਰੋਮੀਆਂ 13:1.
ਜੇ ਇਕ ਵਿਅਕਤੀ ਸ਼ਰਾਬ ਪੀਣ ʼਤੇ ਕਾਬੂ ਨਹੀਂ ਰੱਖ ਪਾਉਂਦਾ। ਜਿਹੜੇ ਲੋਕ ਸ਼ਰਾਬ ਪੀਣ ਜਾਂ ਕਿਸੇ ਹੋਰ ਨਸ਼ੇ ਦੀ ਲਤ ਨਾਲ ਜੂਝਦੇ ਹਨ, ਉਨ੍ਹਾਂ ਨੂੰ ਆਪਣੀ ਇਸ ਆਦਤ ਨੂੰ ਸੁਧਾਰਨ ਲਈ ਵੱਡੇ ਤੋਂ ਵੱਡਾ ਕਦਮ ਚੁੱਕਣ ਲਈ ਤਿਆਰ ਰਹਿਣਾ ਚਾਹੀਦਾ ਹੈ।—ਮੱਤੀ 5:29, 30.