ਪੈਰਿਸ ਵਿਚ ਬਾਈਬਲ ਦੀ ਉਮੀਦ ਦਿੱਤੀ ਗਈ
30 ਨਵੰਬਰ–12 ਦਸੰਬਰ 2015 ਦੌਰਾਨ ਸੰਯੁਕਤ ਰਾਸ਼ਟਰ-ਸੰਘ ਨੇ ਪੈਰਿਸ, ਫਰਾਂਸ ਵਿਚ ਮੌਸਮ ਬਦਲਾਅ ਬਾਰੇ ਕਾਨਫ਼ਰੰਸ (COP21) ਕੀਤੀ ਜਿੱਥੇ 195 ਦੇਸ਼ਾਂ ਤੋਂ ਲੋਕ ਆਏ। ਉਨ੍ਹਾਂ ਨੇ ਇਨਸਾਨਾਂ ਦੇ ਕੰਮਾਂ ਕਰਕੇ ਦੁਨੀਆਂ ਭਰ ਦੇ ਮੌਸਮ ʼਤੇ ਪਏ ਅਸਰਾਂ ਨੂੰ ਘੱਟ ਕਰਨ ਬਾਰੇ ਚਰਚਾ ਕੀਤੀ। ਇਸ ਵਿਚ ਲਗਭਗ 38,000 ਲੋਕ ਸ਼ਾਮਲ ਹੋਏ ਜਿਨ੍ਹਾਂ ਵਿਚ ਸਰਕਾਰੀ ਅਧਿਕਾਰੀ, ਵਿਗਿਆਨੀ, ਵਾਤਾਵਰਣ ਮਾਹਰ ਅਤੇ ਬਿਜ਼ਨਿਸ ਮਾਹਰ ਸ਼ਾਮਲ ਸਨ। ਆਮ ਜਨਤਾ ਲਈ ਇਕ ਜਗ੍ਹਾ ਤਿਆਰ ਕੀਤੀ ਗਈ ਸੀ ਜਿੱਥੇ ਹਜ਼ਾਰਾਂ ਹੀ ਲੋਕਾਂ ਨੇ ਮੌਸਮ ਵਿਚ ਹੋਣ ਵਾਲੀ ਤਬਦੀਲੀ ਬਾਰੇ ਜਾਣਕਾਰੀ ਲਈ।
ਯਹੋਵਾਹ ਦੇ ਗਵਾਹਾਂ ਨੇ ਕਾਨਫ਼ਰੰਸ ਵਿਚ ਹਿੱਸਾ ਨਹੀਂ ਲਿਆ, ਪਰ ਉਹ ਵਾਤਾਵਰਣ ਵਿਚ ਰੁਚੀ ਜ਼ਰੂਰ ਰੱਖਦੇ ਹਨ। ਉਨ੍ਹਾਂ ਵਿੱਚੋਂ ਸੈਂਕੜੇ ਹੀ ਲੋਕਾਂ ਨੇ ਪੈਰਿਸ ਵਿਚ ਹੋਣ ਵਾਲੀ ਖ਼ਾਸ ਮੁਹਿੰਮ ਵਿਚ ਹਿੱਸਾ ਲਿਆ ਜਿਸ ਦੇ ਜ਼ਰੀਏ ਲੋਕਾਂ ਨੂੰ ਬਾਈਬਲ ਵਿਚ ਦਿੱਤੀ ਗਈ ਪ੍ਰਦੂਸ਼ਣ-ਰਹਿਤ ਧਰਤੀ ʼਤੇ ਰਹਿਣ ਦੀ ਉਮੀਦ ਬਾਰੇ ਦੱਸਿਆ ਗਿਆ।
ਬੱਸਾਂ-ਗੱਡੀਆਂ ਵਿਚ ਸਫ਼ਰ ਕਰਦੇ ਵੇਲੇ ਇਕ ਗਵਾਹ ਨੇ ਪੀਰੂ ਵਿਚ ਰਹਿਣ ਵਾਲੇ ਆਦਮੀ ਨਾਲ ਗੱਲ ਕੀਤੀ ਜਿਸ ਨੇ ਪੀਰੂ ਦੇ ਰਵਾਇਤੀ ਕੱਪੜੇ ਪਾਏ ਹੋਏ ਸਨ। ਉਸ ਆਦਮੀ ਨੇ ਦੱਸਿਆ ਕਿ ਭਾਵੇਂ ਉਸ ਦੀ ਸਿਹਤ ਚੰਗੀ-ਭਲੀ ਹੈ ਅਤੇ ਉਹ ਸੋਹਣੇ ਪਹਾੜ ʼਤੇ ਰਹਿੰਦਾ ਹੈ, ਫਿਰ ਵੀ ਉਸ ਨੂੰ ਚਿੰਤਾ ਹੁੰਦੀ ਹੈ ਕਿ ਭਵਿੱਖ ਵਿਚ ਧਰਤੀ ਦਾ ਕੀ ਬਣੇਗਾ। ਬਾਈਬਲ ਵਿਚ ਦਿੱਤੀ ਗਈ ਹੌਸਲਾ ਵਧਾਉਣ ਵਾਲੀ ਉਮੀਦ ਉਸ ਦੇ ਦਿਲ ਨੂੰ ਛੂਹ ਗਈ।ਅਤੇ ਉਸ ਨੇ ਖ਼ੁਸ਼ੀ ਨਾਲ ਸੰਪਰਕ ਕਾਰਡ ਲਿਆ ਜਿਸ ʼਤੇ ਸਾਡੀ ਵੈੱਬਸਾਈਟ www.pr2711.com ਬਾਰੇ ਦੱਸਿਆ ਗਿਆ ਹੈ।
ਰੇਲ-ਗੱਡੀ ਵਿਚ ਦੋ ਗਵਾਹ ਅਮਰੀਕਾ ਦੇ ਇਕ ਵਾਤਾਵਰਣ ਵਿਗਿਆਨੀ ਨੂੰ ਮਿਲੇ। ਉਹ ਇਹ ਜਾਣ ਕੇ ਹੈਰਾਨ ਰਹਿ ਗਿਆ ਕਿ ਯਹੋਵਾਹ ਦੇ ਗਵਾਹਾਂ ਨੂੰ ਵਾਤਾਵਰਣ ਨਾਲ ਜੁੜੀ ਸੰਸਥਾ (Green Building Initiative) ਵੱਲੋਂ ਦੋ ਵਾਰ ਚਾਰ ਪੁਆਇੰਟ ਮਿਲੇ ਕਿਉਂਕਿ ਉਨ੍ਹਾਂ ਨੇ ਵੌਲਕਿਲ, ਨਿਊਯਾਰਕ ਦੇ ਸ਼ਾਖਾ ਦਫ਼ਤਰ ਵਿਚ ਦੋ ਨਵੀਆਂ ਇਮਾਰਤਾਂ ਦੀ ਇਸ ਤਰ੍ਹਾਂ ਉਸਾਰੀ ਕਰਨ ਦਾ ਵਾਅਦਾ ਕੀਤਾ ਜਿਸ ਦਾ ਵਾਤਾਵਰਣ ʼਤੇ ਬੁਰਾ ਅਸਰ ਨਾ ਪਵੇ। ਉਸ ਵਿਅਕਤੀ ਨੇ ਖ਼ੁਸ਼ੀ-ਖ਼ੁਸ਼ੀ ਸੰਪਰਕ ਕਾਰਡ ਲਿਆ।
ਯਹੋਵਾਹ ਦੇ ਗਵਾਹਾਂ ਦੀ ਵਾਤਾਵਰਣ ਵਿਚ ਗਹਿਰੀ ਦਿਲਚਸਪੀ ਦੇਖ ਕੇ ਲੋਕ ਪ੍ਰਭਾਵਿਤ ਹੋਏ ਤੇ ਕਈਆਂ ਨੇ ਸਾਡੀ ਵੈੱਬਸਾਈਟ ਦੇਖਣ ਦਾ ਵਾਅਦਾ ਕੀਤਾ। ਕੈਨੇਡਾ ਤੋਂ ਆਈ ਇਕ ਔਰਤ ਨੂੰ ਜਦੋਂ ਪਤਾ ਲੱਗਾ ਕਿ ਵਾਰਵਿਕ ਦੇ ਇਲਾਕੇ ਵਿਚ ਗਵਾਹਾਂ ਨੇ ਬਲੂਬਰਡ ਪੰਛੀ ਦੇ ਆਲ੍ਹਣਿਆਂ ਨੂੰ ਬਚਾਉਣ ਦੀ ਕੋਸ਼ਿਸ਼ਾਂ ਕੀਤੀਆਂ, ਤਾਂ ਉਸ ਨੇ ਕਿਹਾ: “ਵਾਤਾਵਰਣ ਦਾ ਬਚਾਅ ਕਰਨ ਤੋਂ ਪਹਿਲਾਂ ਮੈਂ ਪੰਛੀ-ਵਿਗਿਆਨੀ ਸੀ। ਮੈਨੂੰ ਨਹੀਂ ਸੀ ਪਤਾ ਕਿ ਯਹੋਵਾਹ ਦੇ ਗਵਾਹ ਪੇੜ-ਪੌਦਿਆਂ ਅਤੇ ਜੰਗਲੀ ਜਾਨਵਰਾਂ ਦਾ ਇੰਨਾ ਖ਼ਿਆਲ ਰੱਖਦੇ ਹਨ। ਮੈਂ ਤੁਹਾਡੇ ਬਾਰੇ ਹੋਰ ਜਾਣਨ ਲਈ ਤੁਹਾਡੇ ਪ੍ਰਕਾਸ਼ਨ ਪੜ੍ਹਾਂਗੀ ਅਤੇ ਵੈੱਬਸਾਈਟ ਦੇਖਾਂਗੀ!”