ਕੱਪੜੇ ਧੋਣ ਵਾਲੀ ਮਸ਼ੀਨ ਥੱਲੇ ਨੋਟਸ
ਜ਼ਰੀਨਾ ਨੇ ਯਹੋਵਾਹ ਦੀ ਗਵਾਹ ਵਜੋਂ ਬਪਤਿਸਮਾ ਲਿਆ। ਆਪਣੀਆਂ ਦੋਨਾਂ ਕੁੜੀਆਂ ਦੀ ਸੱਚਾਈ ਵਿਚ ਪਰਵਰਿਸ਼ ਕਰਨ ਲਈ ਉਹ ਰੂਸ ਤੋਂ ਕੇਂਦਰੀ ਏਸ਼ੀਆ ਨੂੰ ਵਾਪਸ ਚਲੀ ਗਈ। ਆਪਣੇ ਆਰਥਿਕ ਹਾਲਾਤਾਂ ਕਰਕੇ ਉਸ ਨੂੰ ਆਪਣੇ ਮਾਪਿਆਂ ਅਤੇ ਭਰਾ-ਭਰਜਾਈ ਨਾਲ ਇਕ ਕਮਰੇ ਵਾਲੇ ਅਪਾਰਟਮੈਂਟ ਵਿਚ ਰਹਿਣਾ ਪਿਆ। ਜ਼ਰੀਨਾ ਦੇ ਮਾਪਿਆਂ ਨੇ ਉਸ ਨੂੰ ਆਪਣੇ ਬੱਚਿਆਂ ਨੂੰ ਬਾਈਬਲ ਦੀ ਸੱਚਾਈ ਸਿਖਾਉਣ ਤੋਂ ਸਖ਼ਤ ਮਨ੍ਹਾ ਕੀਤਾ ਸੀ। ਉਨ੍ਹਾਂ ਨੇ ਬੱਚਿਆਂ ਨੂੰ ਵੀ ਕਿਹਾ ਕਿ ਉਹ ਆਪਣੀ ਮਾਂ ਨਾਲ ਬਾਈਬਲ ਬਾਰੇ ਗੱਲ ਨਾ ਕਰਨ।
ਜ਼ਰੀਨਾ ਨੇ ਗਹਿਰਾਈ ਨਾਲ ਸੋਚਿਆ ਕਿ ਉਹ ਆਪਣੀਆਂ ਕੁੜੀਆਂ ਦੀ ਯਹੋਵਾਹ ਬਾਰੇ ਸਿੱਖਣ ਵਿਚ ਕਿਵੇਂ ਮਦਦ ਕਰ ਸਕਦੀ ਸੀ। (ਕਹਾਉਤਾਂ 1:8) ਇਸ ਲਈ ਉਸ ਨੇ ਯਹੋਵਾਹ ਨੂੰ ਬੁੱਧ ਅਤੇ ਸੇਧ ਲਈ ਗਿੜਗਿੜਾ ਕੇ ਪ੍ਰਾਰਥਨਾ ਕੀਤੀ। ਫਿਰ ਉਸ ਨੇ ਆਪਣੀਆਂ ਪ੍ਰਾਰਥਨਾਵਾਂ ਅਨੁਸਾਰ ਕੰਮ ਵੀ ਕੀਤਾ। ਉਹ ਆਪਣੀਆਂ ਕੁੜੀਆਂ ਨਾਲ ਸੈਰ ਕਰਨ ਜਾਂਦੀ ਸੀ ਅਤੇ ਪਰਮੇਸ਼ੁਰ ਦੀ ਸ਼ਾਨਦਾਰ ਸ੍ਰਿਸ਼ਟੀ ਬਾਰੇ ਗੱਲ ਕਰਦੀ ਸੀ। ਸੈਰ ਦੌਰਾਨ ਕੁੜੀਆਂ ਦੀ ਸ੍ਰਿਸ਼ਟੀਕਰਤਾ ਵਿਚ ਦਿਲਚਸਪੀ ਵਧੀ।
ਇਸ ਤੋਂ ਬਾਅਦ ਜ਼ਰੀਨਾ ਨੇ ਇਕ ਹੋਰ ਤਰੀਕੇ ਨਾਲ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? a ਕਿਤਾਬ ਦੇ ਜ਼ਰੀਏ ਉਨ੍ਹਾਂ ਦੀ ਦਿਲਚਸਪੀ ਹੋਰ ਵਧਾਈ। ਉਹ ਪੈਰਿਆਂ ਅਤੇ ਸਵਾਲਾਂ ਨੂੰ ਸ਼ਬਦ-ਬ-ਸ਼ਬਦ ਕਾਗਜ਼ ਦੇ ਟੁਕੜਿਆਂ ʼਤੇ ਲਿਖ ਲੈਂਦੀ ਸੀ। ਨਾਲੇ ਉਹ ਪੈਰਿਆਂ ਨੂੰ ਸਮਝਾਉਣ ਲਈ ਕੁਝ ਹੋਰ ਗੱਲਾਂ ਵੀ ਲਿਖ ਲੈਂਦੀ ਸੀ। ਫਿਰ ਉਹ ਬਾਥਰੂਮ ਵਿਚ ਰੱਖੀ ਕੱਪੜੇ ਧੋਣ ਵਾਲੀ ਮਸ਼ੀਨ ਦੇ ਥੱਲੇ ਇਨ੍ਹਾਂ ਕਾਗਜ਼ ਦੇ ਟੁਕੜਿਆਂ ਦੇ ਨਾਲ-ਨਾਲ ਇਕ ਪੈਂਸਿਲ ਵੀ ਲੁਕੋ ਦਿੰਦੀ ਸੀ। ਜਦੋਂ ਕੁੜੀਆਂ ਬਾਥਰੂਮ ਵਿਚ ਹੁੰਦੀਆਂ ਸਨ, ਤਾਂ ਉਹ ਪੈਰੇ ਪੜ੍ਹ ਕੇ ਜਵਾਬ ਲਿਖ ਦਿੰਦੀਆਂ ਸਨ।
ਇਹ ਤਰੀਕਾ ਵਰਤ ਕੇ ਜ਼ਰੀਨਾ ਨੇ ਆਪਣੀਆਂ ਕੁੜੀਆਂ ਨੂੰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦੇ ਦੋ ਅਧਿਆਵਾਂ ਦਾ ਅਧਿਐਨ ਕਰਾਇਆ। ਫਿਰ ਉਨ੍ਹਾਂ ਨੂੰ ਰਹਿਣ ਲਈ ਕੋਈ ਹੋਰ ਜਗ੍ਹਾ ਮਿਲ ਗਈ। ਉੱਥੇ ਉਹ ਬਿਨਾਂ ਕਿਸੇ ਰੁਕਾਵਟ ਦੇ ਆਪਣੀਆਂ ਕੁੜੀਆਂ ਦੀ ਸੱਚਾਈ ਵਿਚ ਪਰਵਰਿਸ਼ ਕਰ ਸਕਦੀ ਸੀ। ਅਕਤੂਬਰ 2016 ਵਿਚ ਦੋਵਾਂ ਕੁੜੀਆਂ ਨੇ ਬਪਤਿਸਮਾ ਲੈ ਲਿਆ। ਉਹ ਬਹੁਤ ਖ਼ੁਸ਼ ਹਨ ਕਿ ਉਨ੍ਹਾਂ ਦੀ ਮਾਂ ਨੇ ਸੱਚਾਈ ਵਿਚ ਉਨ੍ਹਾਂ ਦੀ ਪਰਵਰਿਸ਼ ਕਰਨ ਲਈ ਬੁੱਧ ਅਤੇ ਸਮਝਦਾਰੀ ਤੋਂ ਕੰਮ ਲਿਆ।
a ਹੁਣ ਬਹੁਤ ਸਾਰੇ ਲੋਕ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਵਰਤਦੇ ਹਨ।