ਉਪਦੇਸ਼ਕ ਦੀ ਕਿਤਾਬ 10:1-20
10 ਜਿਵੇਂ ਮਰੀਆਂ ਮੱਖੀਆਂ ਕਰਕੇ ਖ਼ੁਸ਼ਬੂਦਾਰ ਤੇਲ ਖ਼ਰਾਬ ਹੋ ਜਾਂਦਾ ਹੈ ਅਤੇ ਬੋ ਮਾਰਨ ਲੱਗ ਪੈਂਦਾ ਹੈ, ਉਵੇਂ ਥੋੜ੍ਹੀ ਜਿਹੀ ਮੂਰਖਤਾ ਇਕ ਬੁੱਧੀਮਾਨ ਅਤੇ ਇੱਜ਼ਤਦਾਰ ਇਨਸਾਨ ਦਾ ਨਾਂ ਖ਼ਰਾਬ ਕਰ ਦਿੰਦੀ ਹੈ।+
2 ਬੁੱਧੀਮਾਨ ਦਾ ਦਿਲ ਉਸ ਨੂੰ ਸਹੀ ਰਾਹ ਪਾਉਂਦਾ ਹੈ,* ਪਰ ਮੂਰਖ ਦਾ ਦਿਲ ਉਸ ਨੂੰ ਗ਼ਲਤ ਰਾਹ ਪਾਉਂਦਾ ਹੈ।*+
3 ਮੂਰਖ ਭਾਵੇਂ ਜਿਹੜੇ ਮਰਜ਼ੀ ਰਾਹ ਜਾਵੇ, ਉਹ ਦਿਖਾਉਂਦਾ ਹੈ ਕਿ ਉਸ ਵਿਚ ਸਮਝ ਦੀ ਘਾਟ ਹੈ+ ਅਤੇ ਸਾਰਿਆਂ ਸਾਮ੍ਹਣੇ ਜ਼ਾਹਰ ਕਰਦਾ ਹੈ ਕਿ ਉਹ ਮੂਰਖ ਹੈ।+
4 ਜੇ ਤੇਰੇ ’ਤੇ ਹਾਕਮ ਦਾ ਗੁੱਸਾ* ਭੜਕਦਾ ਹੈ, ਤਾਂ ਆਪਣੀ ਜਗ੍ਹਾ ਛੱਡ ਕੇ ਉੱਥੋਂ ਨਾ ਜਾਹ+ ਕਿਉਂਕਿ ਸ਼ਾਂਤ ਰਹਿਣ ਨਾਲ ਵੱਡੇ-ਵੱਡੇ ਪਾਪ ਰੋਕੇ ਜਾ ਸਕਦੇ ਹਨ।+
5 ਮੈਂ ਧਰਤੀ ਉੱਤੇ ਅਧਿਕਾਰ ਰੱਖਣ ਵਾਲਿਆਂ ਨੂੰ ਅਜਿਹੀ ਗ਼ਲਤੀ ਕਰਦੇ ਦੇਖਿਆ ਹੈ ਜੋ ਦੁੱਖ ਦੀ ਗੱਲ ਹੈ:+
6 ਮੂਰਖਾਂ ਨੂੰ ਉੱਚੀਆਂ ਪਦਵੀਆਂ ਦਿੱਤੀਆਂ ਜਾਂਦੀਆਂ ਹਨ, ਪਰ ਕਾਬਲ* ਇਨਸਾਨ ਛੋਟੀਆਂ ਪਦਵੀਆਂ ’ਤੇ ਹੀ ਰਹਿੰਦੇ ਹਨ।
7 ਮੈਂ ਨੌਕਰਾਂ ਨੂੰ ਘੋੜਿਆਂ ਦੀ ਸਵਾਰੀ ਕਰਦੇ ਅਤੇ ਹਾਕਮਾਂ ਨੂੰ ਨੌਕਰਾਂ ਵਾਂਗ ਪੈਦਲ ਤੁਰਦੇ ਦੇਖਿਆ ਹੈ।+
8 ਟੋਆ ਪੁੱਟਣ ਵਾਲਾ ਆਪ ਹੀ ਉਸ ਵਿਚ ਡਿਗ ਸਕਦਾ ਹੈ+ ਅਤੇ ਪੱਥਰਾਂ ਦੀ ਕੰਧ ਢਾਹੁਣ ਵਾਲੇ ਨੂੰ ਸੱਪ ਡੰਗ ਮਾਰ ਸਕਦਾ ਹੈ।
9 ਖਾਣ ਵਿੱਚੋਂ ਪੱਥਰ ਤੋੜਨ ਵਾਲੇ ਨੂੰ ਪੱਥਰ ਨਾਲ ਸੱਟ ਲੱਗ ਸਕਦੀ ਹੈ ਅਤੇ ਲੱਕੜਾਂ ਚੀਰਨ ਵਾਲਾ ਆਪਣੇ ਆਪ ਨੂੰ ਖ਼ਤਰੇ ਵਿਚ ਪਾਉਂਦਾ ਹੈ।*
10 ਜਦ ਕੁਹਾੜਾ ਖੁੰਢਾ ਹੋ ਜਾਂਦਾ ਹੈ ਅਤੇ ਉਸ ਨੂੰ ਤਿੱਖਾ ਨਹੀਂ ਕੀਤਾ ਜਾਂਦਾ, ਤਾਂ ਜ਼ਿਆਦਾ ਜ਼ੋਰ ਲਾਉਣਾ ਪੈਂਦਾ ਹੈ। ਪਰ ਬੁੱਧ ਕਾਮਯਾਬੀ ਹਾਸਲ ਕਰਨ ਵਿਚ ਮਦਦ ਕਰਦੀ ਹੈ।
11 ਜੇ ਜਾਦੂ-ਮੰਤਰ ਨਾਲ ਵੱਸ ਵਿਚ ਕੀਤੇ ਜਾਣ ਤੋਂ ਪਹਿਲਾਂ ਹੀ ਸੱਪ ਸਪੇਰੇ ਨੂੰ ਡੰਗ ਮਾਰ ਦੇਵੇ, ਤਾਂ ਉਸ ਨੂੰ ਆਪਣੇ ਹੁਨਰ ਦਾ ਕੀ ਫ਼ਾਇਦਾ?
12 ਬੁੱਧੀਮਾਨ ਦੀਆਂ ਗੱਲਾਂ ਕਾਰਨ ਉਸ ਨੂੰ ਆਦਰ ਮਿਲਦਾ ਹੈ,+ ਪਰ ਮੂਰਖ ਦੀ ਜ਼ਬਾਨ ਉਸ ਦੀ ਆਪਣੀ ਹੀ ਬਰਬਾਦੀ ਦਾ ਕਾਰਨ ਬਣਦੀ ਹੈ।+
13 ਮੂਰਖ ਆਪਣੀ ਗੱਲ ਮੂਰਖਤਾ ਨਾਲ ਸ਼ੁਰੂ ਕਰਦਾ ਹੈ+ ਅਤੇ ਪਾਗਲਪੁਣੇ ਨਾਲ ਖ਼ਤਮ ਕਰਦਾ ਹੈ ਜਿਸ ਕਰਕੇ ਮੁਸੀਬਤ ਖੜ੍ਹੀ ਹੁੰਦੀ ਹੈ।
14 ਫਿਰ ਵੀ ਮੂਰਖ ਆਪਣਾ ਮੂੰਹ ਬੰਦ ਨਹੀਂ ਕਰਦਾ।+
ਕੋਈ ਇਨਸਾਨ ਨਹੀਂ ਜਾਣਦਾ ਕਿ ਅੱਗੇ ਕੀ ਹੋਵੇਗਾ; ਇਸ ਲਈ ਕੌਣ ਉਸ ਨੂੰ ਦੱਸ ਸਕਦਾ ਹੈ ਕਿ ਉਸ ਦੇ ਮਰਨ ਤੋਂ ਬਾਅਦ ਧਰਤੀ ਉੱਤੇ ਕੀ ਹੋਵੇਗਾ?+
15 ਮੂਰਖ ਦੀ ਮਿਹਨਤ ਉਸ ਨੂੰ ਥਕਾ ਦਿੰਦੀ ਹੈ, ਉਸ ਨੂੰ ਤਾਂ ਇਹ ਵੀ ਪਤਾ ਨਹੀਂ ਲੱਗਦਾ ਕਿ ਸ਼ਹਿਰ ਨੂੰ ਜਾਣ ਵਾਲਾ ਰਾਹ ਕਿਹੜਾ ਹੈ।
16 ਹਾਇ ਉਸ ਦੇਸ਼ ਉੱਤੇ ਜਿਸ ਦਾ ਰਾਜਾ ਇਕ ਮੁੰਡਾ ਹੈ+ ਅਤੇ ਜਿਸ ਦੇ ਹਾਕਮ ਸਵੇਰੇ ਹੀ ਦਾਅਵਤਾਂ ਉਡਾਉਣੀਆਂ ਸ਼ੁਰੂ ਕਰ ਦਿੰਦੇ ਹਨ!
17 ਖ਼ੁਸ਼ ਹੈ ਉਹ ਦੇਸ਼ ਜਿਸ ਦਾ ਰਾਜਾ ਉੱਚੇ ਖ਼ਾਨਦਾਨ ਵਿੱਚੋਂ ਹੁੰਦਾ ਹੈ ਅਤੇ ਜਿਸ ਦੇ ਹਾਕਮ ਸਹੀ ਸਮੇਂ ਤੇ ਖਾਂਦੇ-ਪੀਂਦੇ ਹਨ, ਸ਼ਰਾਬੀ ਹੋਣ ਲਈ ਨਹੀਂ, ਸਗੋਂ ਤਾਕਤ ਪਾਉਣ ਲਈ!+
18 ਜਦੋਂ ਇਨਸਾਨ ਹੱਦੋਂ ਵੱਧ ਆਲਸੀ ਹੁੰਦਾ ਹੈ, ਤਾਂ ਛੱਤ ਦੇ ਸ਼ਤੀਰ ਲਿਫ ਜਾਂਦੇ ਹਨ ਅਤੇ ਉਸ ਦੇ ਹੱਥ ’ਤੇ ਹੱਥ ਧਰ ਕੇ ਬੈਠੇ ਰਹਿਣ ਨਾਲ ਛੱਤ ਚੋਣ ਲੱਗ ਪੈਂਦੀ ਹੈ।+
19 ਰੋਟੀ* ਨਾਲ ਦਿਲ ਖ਼ੁਸ਼ ਹੁੰਦਾ ਹੈ ਅਤੇ ਦਾਖਰਸ ਜ਼ਿੰਦਗੀ ਨੂੰ ਮਜ਼ੇਦਾਰ ਬਣਾਉਂਦਾ ਹੈ,+ ਪਰ ਪੈਸਾ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ।+
20 ਆਪਣੇ ਮਨ ਵਿਚ* ਵੀ ਰਾਜੇ ਨੂੰ ਸਰਾਪ ਨਾ ਦੇ+ ਅਤੇ ਨਾ ਹੀ ਆਪਣੇ ਸੌਣ ਵਾਲੇ ਕਮਰੇ ਵਿਚ ਅਮੀਰ ਨੂੰ ਸਰਾਪ ਦੇ ਕਿਉਂਕਿ ਸ਼ਾਇਦ ਕੋਈ ਪੰਛੀ ਤੇਰੇ ਬੋਲ ਉਸ ਤਕ ਪਹੁੰਚਾ ਦੇਵੇ ਜਾਂ ਸ਼ਾਇਦ ਕੋਈ ਉੱਡਣ ਵਾਲਾ ਜੀਵ ਤੇਰੀ ਗੱਲ* ਉਸ ਨੂੰ ਦੱਸ ਦੇਵੇ।
ਫੁਟਨੋਟ
^ ਇਬ, “ਉਸ ਦੇ ਸੱਜੇ ਪਾਸੇ ਹੁੰਦਾ ਹੈ।”
^ ਇਬ, “ਉਸ ਦੇ ਖੱਬੇ ਪਾਸੇ ਹੁੰਦਾ ਹੈ।”
^ ਇਬ, “ਸਾਹ।”
^ ਇਬ, “ਅਮੀਰ।”
^ ਜਾਂ ਸੰਭਵ ਹੈ, “ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ।”
^ ਜਾਂ, “ਭੋਜਨ।”
^ ਜਾਂ ਸੰਭਵ ਹੈ, “ਆਪਣੇ ਬਿਸਤਰੇ ’ਤੇ।”
^ ਜਾਂ, “ਤੇਰਾ ਸੰਦੇਸ਼।”