ਜ਼ਬੂਰ 118:1-29

  • ਯਹੋਵਾਹ ਦੀ ਜਿੱਤ ਲਈ ਧੰਨਵਾਦ ਕਰਨਾ

    • ‘ਮੈਂ ਯਾਹ ਨੂੰ ਪੁਕਾਰਿਆ ਅਤੇ ਉਸ ਨੇ ਮੇਰੀ ਸੁਣੀ’ (5)

    • “ਯਹੋਵਾਹ ਮੇਰੇ ਵੱਲ ਹੈ” (6, 7)

    • ਜਿਸ ਪੱਥਰ ਨੂੰ ਨਿਕੰਮਾ ਕਿਹਾ, ਉਹ ਕੋਨੇ ਦਾ ਮੁੱਖ ਪੱਥਰ ਬਣਿਆ (22)

    • ‘ਜੋ ਯਹੋਵਾਹ ਦੇ ਨਾਂ ’ਤੇ ਆਉਂਦਾ ਹੈ’ (26)

118  ਯਹੋਵਾਹ ਦਾ ਧੰਨਵਾਦ ਕਰੋ ਕਿਉਂਕਿ ਉਹ ਚੰਗਾ ਹੈ;+ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ।   ਹੁਣ ਇਜ਼ਰਾਈਲ ਕਹੇ: “ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ।”   ਹੁਣ ਹਾਰੂਨ ਦਾ ਘਰਾਣਾ ਕਹੇ: “ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ।”   ਹੁਣ ਯਹੋਵਾਹ ਦਾ ਡਰ ਮੰਨਣ ਵਾਲੇ ਕਹਿਣ: “ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ।”   ਮੈਂ ਬਿਪਤਾ ਦੇ ਵੇਲੇ ਯਾਹ* ਨੂੰ ਪੁਕਾਰਿਆ;ਯਾਹ ਨੇ ਮੇਰੀ ਸੁਣੀ ਅਤੇ ਉਹ ਮੈਨੂੰ ਸੁਰੱਖਿਅਤ* ਥਾਂ ’ਤੇ ਲੈ ਆਇਆ।+   ਯਹੋਵਾਹ ਮੇਰੇ ਵੱਲ ਹੈ; ਮੈਂ ਨਹੀਂ ਡਰਾਂਗਾ।+ ਇਨਸਾਨ ਮੇਰਾ ਕੀ ਵਿਗਾੜ ਸਕਦਾ ਹੈ?+   ਯਹੋਵਾਹ ਮੇਰਾ ਮਦਦਗਾਰ ਮੇਰੇ ਵੱਲ ਹੈ;*+ਜਿਹੜੇ ਮੈਨੂੰ ਨਫ਼ਰਤ ਕਰਦੇ ਹਨ, ਮੈਂ ਉਨ੍ਹਾਂ ਦੀ ਹਾਰ ਦੇਖ ਕੇ ਖ਼ੁਸ਼ ਹੋਵਾਂਗਾ।+   ਇਨਸਾਨਾਂ ’ਤੇ ਭਰੋਸਾ ਕਰਨ ਦੀ ਬਜਾਇਯਹੋਵਾਹ ਕੋਲ ਪਨਾਹ ਲੈਣੀ ਚੰਗੀ ਹੈ।+   ਹਾਕਮਾਂ ’ਤੇ ਭਰੋਸਾ ਕਰਨ ਦੀ ਬਜਾਇਯਹੋਵਾਹ ਕੋਲ ਪਨਾਹ ਲੈਣੀ ਚੰਗੀ ਹੈ।+ 10  ਸਾਰੀਆਂ ਕੌਮਾਂ ਨੇ ਮੈਨੂੰ ਘੇਰ ਲਿਆ ਸੀ,ਪਰ ਮੈਂ ਯਹੋਵਾਹ ਦੇ ਨਾਂ ’ਤੇ ਉਨ੍ਹਾਂ ਨੂੰ ਭਜਾ ਦਿੱਤਾ।+ 11  ਉਨ੍ਹਾਂ ਨੇ ਮੈਨੂੰ ਘੇਰ ਲਿਆ ਸੀ, ਹਾਂ, ਮੈਂ ਪੂਰੀ ਤਰ੍ਹਾਂ ਘਿਰ ਚੁੱਕਾ ਸੀ,ਪਰ ਮੈਂ ਯਹੋਵਾਹ ਦੇ ਨਾਂ ’ਤੇ ਉਨ੍ਹਾਂ ਨੂੰ ਭਜਾ ਦਿੱਤਾ। 12  ਉਨ੍ਹਾਂ ਨੇ ਸ਼ਹਿਦ ਦੀਆਂ ਮੱਖੀਆਂ ਵਾਂਗ ਮੈਨੂੰ ਘੇਰ ਲਿਆ ਸੀ,ਪਰ ਉਹ ਝੱਟ ਨਾਸ਼ ਹੋ ਗਏ, ਜਿਵੇਂ ਅੱਗ ਕੰਡਿਆਲ਼ੀਆਂ ਝਾੜੀਆਂ ਨੂੰ ਝੱਟ ਭਸਮ ਕਰ ਦਿੰਦੀ ਹੈ। ਮੈਂ ਯਹੋਵਾਹ ਦੇ ਨਾਂ ’ਤੇ ਉਨ੍ਹਾਂ ਨੂੰ ਭਜਾ ਦਿੱਤਾ।+ 13  ਉਨ੍ਹਾਂ ਨੇ* ਮੈਨੂੰ ਡੇਗਣ ਲਈ ਜ਼ੋਰ ਨਾਲ ਧੱਕਾ ਮਾਰਿਆ,ਪਰ ਯਹੋਵਾਹ ਨੇ ਮੇਰੀ ਮਦਦ ਕੀਤੀ। 14  ਯਾਹ ਮੇਰੀ ਪਨਾਹ ਅਤੇ ਤਾਕਤ ਹੈਅਤੇ ਉਹ ਮੇਰਾ ਮੁਕਤੀਦਾਤਾ ਬਣ ਗਿਆ ਹੈ।+ 15  ਧਰਮੀਆਂ ਨੂੰ ਮੁਕਤੀ* ਮਿਲੀ ਹੈ,ਇਸ ਲਈ ਉਨ੍ਹਾਂ ਦੇ ਤੰਬੂਆਂ ਵਿੱਚੋਂ ਜਸ਼ਨ ਮਨਾਉਣ ਦੀ ਆਵਾਜ਼ ਆ ਰਹੀ ਹੈ। ਯਹੋਵਾਹ ਦਾ ਸੱਜਾ ਹੱਥ ਆਪਣੀ ਤਾਕਤ ਦਿਖਾ ਰਿਹਾ ਹੈ।+ 16  ਯਹੋਵਾਹ ਦਾ ਸੱਜਾ ਹੱਥ ਉੱਚਾ ਉੱਠਿਆ ਹੈ;ਯਹੋਵਾਹ ਦਾ ਸੱਜਾ ਹੱਥ ਆਪਣੀ ਤਾਕਤ ਦਿਖਾ ਰਿਹਾ ਹੈ।+ 17  ਮੈਂ ਨਹੀਂ ਮਰਾਂਗਾ, ਸਗੋਂ ਜੀਉਂਦਾ ਰਹਾਂਗਾਤਾਂਕਿ ਯਾਹ ਦੇ ਕੰਮਾਂ ਦਾ ਐਲਾਨ ਕਰਾਂ।+ 18  ਯਾਹ ਨੇ ਮੈਨੂੰ ਸਖ਼ਤ ਅਨੁਸ਼ਾਸਨ ਦਿੱਤਾ,+ਪਰ ਉਸ ਨੇ ਮੈਨੂੰ ਮੌਤ ਦੇ ਹਵਾਲੇ ਨਹੀਂ ਕੀਤਾ।+ 19  ਹੇ ਲੋਕੋ, ਮੇਰੇ ਲਈ ਪਵਿੱਤਰ* ਦਰਵਾਜ਼ੇ ਖੋਲ੍ਹੋ+ਤਾਂਕਿ ਮੈਂ ਉਨ੍ਹਾਂ ਰਾਹੀਂ ਅੰਦਰ ਜਾਵਾਂ ਅਤੇ ਯਾਹ ਦੀ ਮਹਿਮਾ ਕਰਾਂ। 20  ਇਹ ਯਹੋਵਾਹ ਦਾ ਦਰਵਾਜ਼ਾ ਹੈ। ਧਰਮੀ ਇਸ ਰਾਹੀਂ ਅੰਦਰ ਜਾਣਗੇ।+ 21  ਮੈਂ ਤੇਰੀ ਮਹਿਮਾ ਕਰਾਂਗਾ ਕਿਉਂਕਿ ਤੂੰ ਮੈਨੂੰ ਜਵਾਬ ਦਿੱਤਾ+ਅਤੇ ਮੇਰਾ ਮੁਕਤੀਦਾਤਾ ਬਣਿਆ। 22  ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਨਿਕੰਮਾ ਕਿਹਾ,*ਉਹੀ ਕੋਨੇ ਦਾ ਮੁੱਖ ਪੱਥਰ* ਬਣ ਗਿਆ ਹੈ।+ 23  ਇਹ ਯਹੋਵਾਹ ਵੱਲੋਂ ਆਇਆ ਹੈ;+ਇਹ ਸਾਡੀਆਂ ਨਜ਼ਰਾਂ ਵਿਚ ਸ਼ਾਨਦਾਰ ਹੈ।+ 24  ਯਹੋਵਾਹ ਨੇ ਇਹ ਦਿਨ ਠਹਿਰਾਇਆ ਹੈ;ਇਸ ਦਿਨ ਅਸੀਂ ਖ਼ੁਸ਼ੀਆਂ ਮਨਾਵਾਂਗੇ ਅਤੇ ਬਾਗ਼-ਬਾਗ਼ ਹੋਵਾਂਗੇ। 25  ਹੇ ਯਹੋਵਾਹ, ਅਸੀਂ ਤੈਨੂੰ ਮਿੰਨਤਾਂ ਕਰਦੇ ਹਾਂ, ਕਿਰਪਾ ਕਰ ਕੇ ਸਾਨੂੰ ਬਚਾ! ਹੇ ਯਹੋਵਾਹ, ਕਿਰਪਾ ਕਰ ਕੇ ਸਾਨੂੰ ਜਿੱਤ ਦਿਵਾ! 26  ਧੰਨ ਹੈ ਉਹ ਜੋ ਯਹੋਵਾਹ ਦੇ ਨਾਂ ’ਤੇ ਆਉਂਦਾ ਹੈ;+ਅਸੀਂ ਯਹੋਵਾਹ ਦੇ ਘਰ ਤੋਂ ਤੁਹਾਨੂੰ ਅਸੀਸਾਂ ਦਿੰਦੇ ਹਾਂ। 27  ਯਹੋਵਾਹ ਹੀ ਪਰਮੇਸ਼ੁਰ ਹੈ;ਉਹ ਸਾਨੂੰ ਚਾਨਣ ਦਿੰਦਾ ਹੈ।+ ਹੱਥਾਂ ਵਿਚ ਟਾਹਣੀਆਂ ਫੜ ਕੇ ਤਿਉਹਾਰ ਦੇ ਜਲੂਸ ਵਿਚ ਸ਼ਾਮਲ ਹੋਵੋ,+ਵੇਦੀ ਦੇ ਸਿੰਗਾਂ ਤਕ ਜਾਓ।+ 28  ਤੂੰ ਮੇਰਾ ਪਰਮੇਸ਼ੁਰ ਹੈਂ ਅਤੇ ਮੈਂ ਤੇਰੀ ਮਹਿਮਾ ਕਰਾਂਗਾ;ਹੇ ਮੇਰੇ ਪਰਮੇਸ਼ੁਰ, ਮੈਂ ਤੇਰੀ ਵਡਿਆਈ ਕਰਾਂਗਾ।+ 29  ਯਹੋਵਾਹ ਦਾ ਧੰਨਵਾਦ ਕਰੋ+ ਕਿਉਂਕਿ ਉਹ ਚੰਗਾ ਹੈ;ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ।+

ਫੁਟਨੋਟ

“ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।
ਜਾਂ, “ਖੁੱਲ੍ਹੀ।”
ਜਾਂ ਸੰਭਵ ਹੈ, “ਮੇਰੇ ਨਾਲ ਹੈ ਅਤੇ ਮੇਰੀ ਮਦਦ ਕਰਨ ਵਾਲਿਆਂ ਵਿੱਚੋਂ ਹੈ।”
ਜਾਂ ਸੰਭਵ ਹੈ, “ਤੂੰ।”
ਜਾਂ, “ਜਿੱਤ।”
ਜਾਂ, “ਧਾਰਮਿਕਤਾ।”
ਜਾਂ, “ਠੁਕਰਾ ਦਿੱਤਾ।”
ਇਬ, “ਕੋਨੇ ਦਾ ਸਿਰਾ।”