Skip to content

Skip to table of contents

4 | ਰੱਬ ਦੇ ਬਚਨ ਵਿਚ ਦਿੱਤੀਆਂ ਸਲਾਹਾਂ ਨੂੰ ਲਾਗੂ ਕਰੋ

4 | ਰੱਬ ਦੇ ਬਚਨ ਵਿਚ ਦਿੱਤੀਆਂ ਸਲਾਹਾਂ ਨੂੰ ਲਾਗੂ ਕਰੋ

ਬਾਈਬਲ ਵਿਚ ਲਿਖਿਆ ਹੈ: ‘ਪੂਰਾ ਧਰਮ-ਗ੍ਰੰਥ ਫ਼ਾਇਦੇਮੰਦ ਹੈ।’​—2 ਤਿਮੋਥਿਉਸ 3:16.

ਇਸ ਆਇਤ ਦਾ ਕੀ ਮਤਲਬ ਹੈ?

ਚਾਹੇ ਬਾਈਬਲ ਡਾਕਟਰੀ ਕਿਤਾਬ ਨਹੀਂ ਹੈ, ਪਰ ਇਸ ਵਿਚ ਚੰਗੀਆਂ ਤੇ ਫ਼ਾਇਦੇਮੰਦ ਸਲਾਹਾਂ ਦਿੱਤੀਆਂ ਗਈਆਂ ਹਨ। ਇਨ੍ਹਾਂ ਸਲਾਹਾਂ ਨੂੰ ਮੰਨ ਕੇ ਉਨ੍ਹਾਂ ਲੋਕਾਂ ਦੀ ਮਦਦ ਹੋ ਸਕਦੀ ਹੈ ਜਿਨ੍ਹਾਂ ਦੀ ਮਾਨਸਿਕ ਸਿਹਤ ਠੀਕ ਨਹੀਂ ਹੈ। ਆਓ ਆਪਾਂ ਕੁਝ ਸਲਾਹਾਂ ʼਤੇ ਗੌਰ ਕਰੀਏ।

ਇਹ ਆਇਤ ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ?

“ਹਕੀਮ ਦੀ ਲੋੜ ਤੰਦਰੁਸਤ ਲੋਕਾਂ ਨੂੰ ਨਹੀਂ, ਸਗੋਂ ਬੀਮਾਰਾਂ ਨੂੰ ਪੈਂਦੀ ਹੈ।”​—ਮੱਤੀ 9:12.

ਬਾਈਬਲ ਵਿਚ ਦੱਸਿਆ ਗਿਆ ਹੈ ਕਿ ਸ਼ਾਇਦ ਸਾਨੂੰ ਡਾਕਟਰ ਕੋਲ ਜਾਣ ਦੀ ਲੋੜ ਪਵੇ। ਬਹੁਤ ਜਣਿਆਂ ਨੂੰ ਡਾਕਟਰ ਨੂੰ ਮਿਲ ਕੇ ਅਤੇ ਆਪਣੀ ਮਾਨਸਿਕ ਸਿਹਤ ਬਾਰੇ ਸਹੀ ਜਾਣਕਾਰੀ ਲੈ ਕੇ ਫ਼ਾਇਦਾ ਹੋਇਆ ਹੈ।

‘ਸਰੀਰਕ ਕਸਰਤ ਦਾ ਫ਼ਾਇਦਾ ਹੁੰਦਾ ਹੈ।’​—1 ਤਿਮੋਥਿਉਸ 4:8, ਫੁਟਨੋਟ।

ਚੰਗੀਆਂ ਆਦਤਾਂ ਵਿਚ ਸਮਾਂ ਅਤੇ ਤਾਕਤ ਲਾ ਕੇ ਮਾਨਸਿਕ ਸਿਹਤ ਵਿਚ ਸੁਧਾਰ ਹੋ ਸਕਦਾ ਹੈ। ਇਹ ਚੰਗੀਆਂ ਆਦਤਾਂ ਹੋ ਸਕਦੀਆਂ ਹਨ: ਬਾਕਾਇਦਾ ਕਸਰਤ ਕਰਨੀ, ਪੌਸ਼ਟਿਕ ਖਾਣਾ ਖ਼ਾਨਾ ਅਤੇ ਪੂਰੀ ਨੀਂਦ ਲੈਣੀ।

“ਖ਼ੁਸ਼-ਦਿਲੀ ਇਕ ਚੰਗੀ ਦਵਾਈ ਹੈ, ਪਰ ਕੁਚਲਿਆ ਮਨ ਹੱਡੀਆਂ ਨੂੰ ਸੁਕਾ ਦਿੰਦਾ ਹੈ।”​—ਕਹਾਉਤਾਂ 17:22.

ਜਦੋਂ ਤੁਸੀਂ ਬਾਈਬਲ ਵਿੱਚੋਂ ਹੌਸਲਾ ਦੇਣ ਵਾਲੀਆਂ ਗੱਲਾਂ ਪੜ੍ਹੋਗੇ ਅਤੇ ਸੋਚ-ਸਮਝ ਕੇ ਉਹ ਟੀਚੇ ਰੱਖੋਗੇ ਜਿਨ੍ਹਾਂ ਨੂੰ ਤੁਸੀਂ ਹਾਸਲ ਕਰ ਸਕਦੇ ਹੋ, ਤਾਂ ਤੁਹਾਨੂੰ ਖ਼ੁਸ਼ੀ ਮਿਲੇਗੀ। ਚੰਗੀਆਂ ਗੱਲਾਂ ʼਤੇ ਧਿਆਨ ਲਾ ਕੇ ਅਤੇ ਵਧੀਆ ਭਵਿੱਖ ਦੀ ਉਮੀਦ ਰੱਖ ਕੇ ਤੁਸੀਂ ਆਪਣੀ ਕਿਸੇ ਵੀ ਮਾਨਸਿਕ ਪਰੇਸ਼ਾਨੀ ਨਾਲ ਲੜ ਸਕਦੇ ਹੋ।

‘ਜੋ ਇਨਸਾਨ ਆਪਣੀਆਂ ਹੱਦਾਂ ਜਾਣਦੇ ਹਨ, ਉਹ ਬੁੱਧ ਤੋਂ ਕੰਮ ਲੈਂਦੇ ਹਨ।’​—ਕਹਾਉਤਾਂ 11:2, ਫੁਟਨੋਟ।

ਤੁਸੀਂ ਸ਼ਾਇਦ ਉਹ ਸਭ ਕੰਮ ਨਾ ਕਰ ਸਕੋ ਜੋ ਤੁਸੀਂ ਖ਼ੁਦ ਕਰਨਾ ਚਾਹੁੰਦੇ ਹੋ, ਇਸ ਲਈ ਦੂਸਰਿਆਂ ਤੋਂ ਮਦਦ ਲਓ। ਹੋ ਸਕਦਾ ਹੈ ਕਿ ਤੁਹਾਡੇ ਘਰਦੇ ਜਾਂ ਦੋਸਤ ਤੁਹਾਡੀ ਮਦਦ ਕਰਨੀ ਚਾਹੁੰਦੇ ਹੋਣ। ਪਰ ਸ਼ਾਇਦ ਉਨ੍ਹਾਂ ਨੂੰ ਪਤਾ ਨਾ ਲੱਗ ਰਿਹਾ ਹੋਵੇ ਕਿ ਉਹ ਤੁਹਾਡੀ ਮਦਦ ਕਿਵੇਂ ਕਰਨ। ਇਸ ਲਈ ਉਨ੍ਹਾਂ ਨੂੰ ਖੁੱਲ੍ਹ ਕੇ ਦੱਸੋ ਕਿ ਉਹ ਤੁਹਾਡੀ ਮਦਦ ਕਿਵੇਂ ਕਰ ਸਕਦੇ ਹਨ। ਉਨ੍ਹਾਂ ਤੋਂ ਹੱਦੋਂ ਵੱਧ ਉਮੀਦਾਂ ਨਾ ਰੱਖੋਂ, ਸਗੋਂ ਉਹ ਤੁਹਾਡੇ ਲਈ ਜੋ ਵੀ ਕਰਦੇ ਹਨ, ਉਸ ਲਈ ਹਮੇਸ਼ਾ ਉਨ੍ਹਾਂ ਦੇ ਸ਼ੁਕਰਗੁਜ਼ਾਰ ਹੋਵੋ।

ਬਾਈਬਲ ਦੀਆਂ ਸਲਾਹਾਂ ਮੰਨ ਕੇ ਲੋਕਾਂ ਦੀ ਮਦਦ ਕਿਵੇਂ ਹੋ ਰਹੀ ਹੈ?

“ਮੈਨੂੰ ਆਪਣੇ ਆਪ ਵਿਚ ਠੀਕ ਨਹੀਂ ਲੱਗ ਰਿਹਾ ਸੀ, ਇਸ ਲਈ ਮੈਂ ਡਾਕਟਰ ਕੋਲ ਗਈ ਤੇ ਉਸ ਨੇ ਮੇਰੀ ਜਾਂਚ ਕੀਤੀ। ਡਾਕਟਰ ਨੂੰ ਮਿਲਣ ਕਰਕੇ ਮੈਂ ਜਾਣ ਸਕੀ ਕਿ ਮੇਰੀ ਸਮੱਸਿਆ ਕੀ ਸੀ ਅਤੇ ਮੈਂ ਇਹ ਵੀ ਦੇਖ ਸਕੀ ਕਿ ਮੈਨੂੰ ਕਿਹੜਾ ਸਭ ਤੋਂ ਵਧੀਆ ਇਲਾਜ ਮਿਲ ਸਕਦਾ ਸੀ।”​—ਨਿਕੋਲ a ਜਿਸ ਨੂੰ ਬਾਈਪੋਲਰ ਡਿਸਔਡਰ ਹੈ।

“ਮੈਂ ਦੇਖਿਆ ਹੈ ਕਿ ਜਦੋਂ ਮੈਂ ਆਪਣੀ ਪਤਨੀ ਨਾਲ ਹਰ ਰੋਜ਼ ਬਾਈਬਲ ਪੜ੍ਹਦਾ ਹਾਂ, ਤਾਂ ਮੇਰੇ ਦਿਨ ਦੀ ਸ਼ੁਰੂਆਤ ਚੰਗੀਆਂ ਅਤੇ ਹੌਸਲਾ ਦੇਣ ਵਾਲੀਆਂ ਗੱਲਾਂ ਨਾਲ ਹੁੰਦੀ ਹੈ। ਪਰ ਕਈ ਦਿਨ ਇੱਦਾਂ ਦੇ ਹੁੰਦੇ ਹਨ ਜਦੋਂ ਮੈਨੂੰ ਆਪਣੀ ਬੀਮਾਰੀ ਨਾਲ ਲੜਨ ਲਈ ਬਹੁਤ ਜੱਦੋ-ਜਹਿਦ ਕਰਨੀ ਪੈਂਦੀ ਹੈ, ਤਾਂ ਮੈਨੂੰ ਉਨ੍ਹਾਂ ਪੜ੍ਹੀਆਂ ਆਇਤਾਂ ਵਿੱਚੋਂ ਕਿਸੇ ਇਕ ਆਇਤ ਤੋਂ ਹਿੰਮਤ ਮਿਲਦੀ ਹੈ।”​—ਪੀਟਰ ਜਿਸ ਨੂੰ ਡਿਪਰੈਸ਼ਨ ਹੈ।

“ਮੈਨੂੰ ਦੂਜਿਆਂ ਨਾਲ ਆਪਣੀ ਸਮੱਸਿਆ ਬਾਰੇ ਗੱਲ ਕਰਨ ਵਿਚ ਬਹੁਤ ਸ਼ਰਮਿੰਦਗੀ ਮਹਿਸੂਸ ਹੁੰਦੀ ਸੀ। ਪਰ ਮੇਰੀ ਇਕ ਸਹੇਲੀ ਧਿਆਨ ਨਾਲ ਮੇਰੀ ਗੱਲ ਸੁਣਦੀ ਸੀ ਅਤੇ ਮੈਨੂੰ ਸਮਝਣ ਦੀ ਕੋਸ਼ਿਸ਼ ਕਰਦੀ ਸੀ। ਉਹ ਖ਼ੁਸ਼ ਰਹਿਣ ਵਿਚ ਮੇਰੀ ਮਦਦ ਕਰਦੀ ਸੀ ਅਤੇ ਮੈਨੂੰ ਅਹਿਸਾਸ ਕਰਵਾਉਂਦੀ ਸੀ ਕਿ ਮੈਂ ਇਕੱਲੀ ਨਹੀਂ ਹਾਂ।”​—ਜੀਯੂ ਜਿਸ ਨੂੰ ਈਟਿੰਗ ਡਿਸਔਡਰ ਹੈ।

“ਬਾਈਬਲ ਤੋਂ ਮੈਂ ਸਿੱਖਿਆ ਕਿ ਮੈਨੂੰ ਸੰਤੁਲਨ ਬਣਾਈ ਰੱਖਣ ਦੀ ਲੋੜ ਹੈ ਅਤੇ ਮੈਨੂੰ ਕੰਮ ਕਰਨ ਦੇ ਨਾਲ-ਨਾਲ ਆਰਾਮ ਵੀ ਕਰਨਾ ਚਾਹੀਦਾ ਹੈ। ਬਾਈਬਲ ਵਿਚ ਦਿੱਤੀਆਂ ਸਲਾਹਾਂ ਦੀ ਮਦਦ ਨਾਲ ਮੈਂ ਆਪਣੀਆਂ ਨਿਰਾਸ਼ ਕਰਨ ਵਾਲੀਆਂ ਸੋਚਾਂ ਨਾਲ ਲੜ ਸਕਦਾ ਹਾਂ ਜੋ ਮੇਰੇ ਮਨ ਵਿਚ ਚੱਲਦੀਆਂ ਰਹਿੰਦਿਆਂ ਹਨ।”​—ਤਿਮਥੀ ਜਿਸ ਨੂੰ ਵਹਿਮ ਦਾ ਰੋਗ (OCD) ਹੈ।

a ਕੁਝ ਨਾਂ ਬਦਲੇ ਗਏ ਹਨ।