ਕਿਹੜੀਆਂ ਗੱਲਾਂ ਸਾਨੂੰ ਚੰਗਾ ਜਾਂ ਬੁਰਾ ਬਣਾਉਂਦੀਆਂ ਹਨ?
ਬਾਈਬਲ ਕੀ ਕਹਿੰਦੀ ਹੈ
ਕਿਹੜੀਆਂ ਗੱਲਾਂ ਸਾਨੂੰ ਚੰਗਾ ਜਾਂ ਬੁਰਾ ਬਣਾਉਂਦੀਆਂ ਹਨ?
ਇਤਿਹਾਸ ਦੇ ਪੰਨੇ ਨਫ਼ਰਤ ਅਤੇ ਖ਼ੂਨ-ਖ਼ਰਾਬੇ ਦੀਆਂ ਮਿਸਾਲਾਂ ਨਾਲ ਭਰੇ ਪਏ ਹਨ। ਪਰ ਇਨ੍ਹਾਂ ਭੈੜੇ ਹਾਲਾਤਾਂ ਦੌਰਾਨ ਕੁਝ ਇਨਸਾਨ ਦੂਜਿਆਂ ’ਤੇ ਰਹਿਮ ਕਰਨ ਅਤੇ ਇਕ-ਦੂਜੇ ਲਈ ਕੁਰਬਾਨੀਆਂ ਕਰਨ ਲਈ ਵੀ ਤਿਆਰ ਰਹੇ ਹਨ। ਸਵਾਲ ਉੱਠਦਾ ਹੈ ਕਿ ਇਹ ਕਿੱਦਾਂ ਹੋ ਸਕਦਾ ਕਿ ਇਕ ਇਨਸਾਨ ਬੇਰਹਿਮ ਕਾਤਲ ਬਣ ਜਾਂਦਾ ਹੈ ਅਤੇ ਦੂਜਾ ਇਨਸਾਨ ਦਰਿਆ-ਦਿਲ? ਇਨਸਾਨਾਂ ਵਿਚ ਵਹਿਸ਼ੀ ਜਾਨਵਰਾਂ ਵਰਗੇ ਗੁਣ ਕਿਉਂ ਪੈਦਾ ਹੁੰਦੇ ਹਨ?
ਨਾਮੁਕੰਮਲਤਾ ਅਤੇ ਜ਼ਮੀਰ
ਬਾਈਬਲ ਸਾਫ਼-ਸਾਫ਼ ਕਹਿੰਦੀ ਹੈ: “ਮਨੁੱਖ ਦੀਆਂ ਸੋਚਾਂ ਉਸ ਦੇ ਬਾਲਕਪਨ ਤੋਂ ਹੀ ਭੈੜੀਆਂ ਹੁੰਦੀਆਂ ਹਨ।” (ਉਤਪਤ 8:21, CL) ਹਾਂ, ਬਚਪਨ ਤੋਂ ਨਿਆਣੇ ਸ਼ਰਾਰਤੀ ਹੁੰਦੇ ਹਨ। (ਕਹਾਉਤਾਂ 22:15) ਜਨਮ ਤੋਂ ਹੀ ਸਾਡੇ ਸਾਰਿਆਂ ਵਿਚ ਗ਼ਲਤੀ ਕਰਨ ਦਾ ਝੁਕਾਅ ਹੁੰਦਾ ਹੈ। (ਜ਼ਬੂਰਾਂ ਦੀ ਪੋਥੀ 51:5) ਜਿਵੇਂ ਕਿਸ਼ਤੀ ਵਿਚ ਬੈਠੇ ਕਿਸੇ ਆਦਮੀ ਨੂੰ ਪਾਣੀ ਦੇ ਵਹਾਅ ਤੋਂ ਉਲਟ ਜਾਣ ਲਈ ਆਪਣਾ ਪੂਰਾ ਜ਼ੋਰ ਲਾਉਣਾ ਪੈਂਦਾ ਹੈ, ਸੋ ਭਲਾਈ ਕਰਨ ਲਈ ਜਤਨ ਕਰਨ ਦੀ ਲੋੜ ਪੈਂਦੀ ਹੈ।
ਫਿਰ ਵੀ ਸਾਨੂੰ ਸਾਰਿਆਂ ਨੂੰ ਜ਼ਮੀਰ ਮਿਲੀ ਹੋਈ ਹੈ। ਸਾਡੇ ਸਾਰਿਆਂ ਅੰਦਰ ਸਹੀ ਜਾਂ ਗ਼ਲਤ ਵਿਚਕਾਰ ਫ਼ਰਕ ਦੇਖਣ ਦੀ ਸਮਝ ਹੈ ਜਿਸ ਕਰਕੇ ਜ਼ਿਆਦਾਤਰ ਲੋਕ ਭਲੇਮਾਣਸੀ ਨਾਲ ਚੱਲਦੇ ਹਨ। ਜ਼ਮੀਰ ਦੀ ਮਦਦ ਨਾਲ ਉਹ ਲੋਕ ਵੀ ਚੰਗੇ ਕੰਮ ਕਰ ਸਕਦੇ ਹਨ ਜਿਨ੍ਹਾਂ ਨੂੰ ਨੈਤਿਕ ਕਦਰਾਂ-ਕੀਮਤਾਂ ਦਾ ਕੋਈ ਗਿਆਨ ਨਾ ਹੋਵੇ। (ਰੋਮੀਆਂ 2:14, 15) ਪਰ ਜਿਵੇਂ ਅਸੀਂ ਉੱਪਰ ਦੇਖਿਆ ਹੈ, ਬੁਰਾਈ ਕਰਨ ਦੇ ਸਾਡੇ ਝੁਕਾਅ ਕਰਕੇ ਸਾਡੇ ਅੰਦਰ ਭਲਾਈ ਕਰਨ ਜਾਂ ਬੁਰਾਈ ਕਰਨ ਦਾ ਸੰਘਰਸ਼ ਹੋ ਸਕਦਾ ਹੈ। ਹੋਰ ਕਿਹੜੀਆਂ ਗੱਲਾਂ ਹਨ ਜਿਹੜੀਆਂ ਇਸ ਸੰਘਰਸ਼ ਨੂੰ ਹੋਰ ਵੀ ਔਖਾ ਬਣਾ ਸਕਦੀਆਂ ਹਨ?
ਭੈੜਾ ਮਾਹੌਲ
ਗਿਰਗਿਟ ਆਪਣੇ ਆਲੇ-ਦੁਆਲੇ ਮਾਹੌਲ ਮੁਤਾਬਕ ਆਪਣਾ ਰੰਗ ਬਦਲਦਾ ਰਹਿੰਦਾ ਹੈ। ਇਸੇ ਤਰ੍ਹਾਂ ਸੰਭਵ ਹੈ ਕਿ ਜਿਹੜੇ ਅਪਰਾਧੀਆਂ ਨਾਲ ਦੋਸਤੀ ਕਰਦੇ ਹਨ, ਉਹ ਅਪਰਾਧੀਆਂ ਵਰਗੇ ਹੀ ਬਣ ਜਾਣਗੇ। ਬਾਈਬਲ ਚੇਤਾਵਨੀ ਦਿੰਦੀ ਹੈ: “ਤੂੰ ਬੁਰਿਆਈ ਕਰਨ ਲਈ ਬਹੁਤਿਆਂ ਦੇ ਮਗਰ ਨਾ ਲੱਗ।” (ਕੂਚ 23:2) ਦੂਜੇ ਪਾਸੇ, ਜੇ ਅਸੀਂ ਈਮਾਨਦਾਰ, ਸੱਚੇ ਅਤੇ ਨੇਕ ਲੋਕਾਂ ਨਾਲ ਸੰਗਤ ਰੱਖਾਂਗੇ, ਤਾਂ ਅਸੀਂ ਭਲੇ ਕੰਮ ਕਰਨ ਲਈ ਪ੍ਰੇਰੇ ਜਾਵਾਂਗੇ।—ਕਹਾਉਤਾਂ 13:20.
ਪਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਜੇ ਬੁਰੇ ਕੰਮ ਕਰਨ ਵਾਲੇ ਲੋਕਾਂ ਨਾਲ ਸਾਡੀ ਰਹਿਣੀ-ਬਹਿਣੀ ਨਹੀਂ ਹੋਵੇਗੀ, ਤਾਂ ਅਸੀਂ ਬੁਰਾਈ ਤੋਂ ਮੁਕਤ ਹੋਵਾਂਗੇ। ਨਾਮੁਕੰਮਲ ਹੋਣ ਕਰਕੇ ਹੋ ਸਕਦਾ ਹੈ ਕਿ ਸਾਡੇ ਮਨ ਦੇ ਅੰਦਰ ਬੁਰੇ ਖ਼ਿਆਲ ਪੈਦਾ ਹੋਣ ਅਤੇ ਮੌਕਾ ਮਿਲਣ ਤੇ ਅਸੀਂ ਇਨ੍ਹਾਂ ਖ਼ਿਆਲਾਂ ਮੁਤਾਬਕ ਕੋਈ ਗ਼ਲਤ ਕੰਮ ਕਰ ਬੈਠੀਏ। (ਉਤਪਤ 4:7) ਇਸ ਤੋਂ ਇਲਾਵਾ, ਮੀਡੀਆ ਦੇ ਜ਼ਰੀਏ ਵੀ ਬੁਰਾਈ ਸਾਡੇ ਘਰ ਆ ਸਕਦੀ ਹੈ। ਵਿਡਿਓ-ਗੇਮਾਂ, ਟੀ.ਵੀ. ਪ੍ਰੋਗ੍ਰਾਮਾਂ ਅਤੇ ਫ਼ਿਲਮਾਂ ਵਿਚ ਅਕਸਰ ਹਿੰਸਾ ਅਤੇ ਬੁਰਾਈ ਦੇ ਬਦਲੇ ਬੁਰਾਈ ਕਰਨ ਦੀ ਹੱਲਾਸ਼ੇਰੀ ਦਿੱਤੀ ਜਾਂਦੀ ਹੈ। ਨਾਲੇ ਦੁਨੀਆਂ ਭਰ ਦੀਆਂ ਜਾਂ ਸਥਾਨਕ ਖ਼ਬਰਾਂ ਵਿਚ ਲਗਾਤਾਰ ਬੁਰਾਈ ਅਤੇ ਦੁੱਖ ਦੇਖਦੇ ਰਹਿਣ ਕਰਕੇ ਸ਼ਾਇਦ ਸਾਨੂੰ ਝਟਕਾ ਵੀ ਨਾ ਲੱਗੇ।
ਇਸ ਬੁਰੇ ਮਾਹੌਲ ਦੇ ਪਿੱਛੇ ਕਿਸ ਦਾ ਹੱਥ ਹੈ? ਬਾਈਬਲ ਦੱਸਦੀ ਹੈ: “ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।” (1 ਯੂਹੰਨਾ 5:19) ਇਹ “ਦੁਸ਼ਟ” ਸ਼ਤਾਨ ਹੈ ਅਤੇ ਬਾਈਬਲ ਦੱਸਦੀ ਹੈ ਕਿ ਇਹ ਝੂਠਾ ਅਤੇ ਕਾਤਲ ਹੈ। (ਯੂਹੰਨਾ 8:44) ਉਹ ਦੁਨੀਆਂ ਵਿਚ ਬੁਰਾਈ ਫੈਲਾਉਂਦਾ ਹੈ।
ਇਨ੍ਹਾਂ ਸਾਰੀਆਂ ਗੱਲਾਂ ਦਾ ਸਾਡੇ ਰਵੱਈਏ ਅਤੇ ਚਾਲ-ਚਲਣ ਉੱਤੇ ਅਸਰ ਪੈਂਦਾ ਹੈ। ਇਸ ਲਈ ਕੁਝ ਸ਼ਾਇਦ ਕਹਿਣ ਕਿ ਉਨ੍ਹਾਂ ਦਾ ਕੋਈ ਕਸੂਰ ਨਹੀਂ ਜਦੋਂ ਉਹ ਬੁਰੇ ਕੰਮ ਕਰਦੇ ਹਨ। ਪਰ ਅਸਲੀਅਤ ਕੀ ਹੈ? ਜਿਸ ਤਰ੍ਹਾਂ ਸਟੇਅਰਿੰਗ ਵੀਲ ਨਾਲ ਕਾਰ ਨੂੰ ਕੰਟ੍ਰੋਲ ਕੀਤਾ ਜਾਂਦਾ ਹੈ ਅਤੇ ਪਤਵਾਰ ਦੀ ਮਦਦ ਨਾਲ ਕਿਸ਼ਤੀ ਨੂੰ ਕੰਟ੍ਰੋਲ ਕੀਤਾ ਜਾਂਦਾ ਹੈ, ਉਸੇ ਤਰ੍ਹਾਂ ਸਾਡਾ ਮਨ ਸਾਡੇ ਸਰੀਰ ਨੂੰ ਕੰਟ੍ਰੋਲ ਕਰਦਾ ਹੈ।
ਭਲਾਈ ਜਾਂ ਬੁਰਾਈ—ਫ਼ੈਸਲਾ ਤੁਹਾਡਾ ਹੈ
ਜਾਣ-ਬੁੱਝ ਕੇ ਕੀਤਾ ਜਾਂਦਾ ਕੋਈ ਵੀ ਚੰਗਾ ਜਾਂ ਬੁਰਾ ਕੰਮ ਕਿਸੇ ਖ਼ਿਆਲ ਨਾਲ ਸ਼ੁਰੂ ਹੁੰਦਾ ਹੈ। ਜੇ ਅਸੀਂ ਆਪਣੇ ਮਨ ਵਿਚ ਚੰਗੇ ਅਤੇ ਨੇਕ ਖ਼ਿਆਲਾਂ ਦੇ ਬੀ ਬੀਜਾਂਗੇ, ਤਾਂ ਚੰਗਾ ਫਲ ਪੈਦਾ ਹੋਵੇਗਾ। ਦੂਜੇ ਪਾਸੇ, ਜੇ ਅਸੀਂ ਆਪਣੇ ਮਨ ਵਿਚ ਸੁਆਰਥ ਦੇ ਬੀ ਨੂੰ ਉੱਗਣ ਦੇਵਾਂਗੇ, ਤਾਂ ਸੰਭਵ ਹੈ ਕਿ ਅਸੀਂ ਬੁਰਾਈ ਦੀ ਫ਼ਸਲ ਵੱਢਾਂਗੇ। (ਲੂਕਾ 6:43-45; ਯਾਕੂਬ 1:14, 15) ਇਸ ਲਈ ਕਿਹਾ ਜਾ ਸਕਦਾ ਹੈ ਕਿ ਇਨਸਾਨ ਉੱਨਾ ਹੀ ਚੰਗਾ ਜਾਂ ਬੁਰਾ ਹੁੰਦਾ ਹੈ ਜਿੰਨਾ ਉਹ ਖ਼ੁਦ ਬਣਨਾ ਚਾਹੁੰਦਾ ਹੈ।
ਪਰ ਬਾਈਬਲ ਦੱਸਦੀ ਹੈ ਕਿ ਅਸੀਂ ਭਲਾ ਕਰਨਾ ਸਿੱਖ ਸਕਦੇ ਹਾਂ। (ਯਸਾਯਾਹ 1:16, 17) ਪਿਆਰ ਉਹ ਗੁਣ ਹੈ ਜੋ ਸਾਨੂੰ ਚੰਗੇ ਕੰਮ ਕਰਨ ਲਈ ਪ੍ਰੇਰਦਾ ਹੈ ਕਿਉਂਕਿ “ਪਿਆਰ ਗੁਆਂਢੀ ਦਾ ਕੁਝ ਬੁਰਾ ਨਹੀਂ ਕਰਦਾ।” (ਰੋਮੀਆਂ 13:10) ਜੇ ਅਸੀਂ ਲੋਕਾਂ ਨਾਲ ਪਿਆਰ ਕਰਦੇ ਹਾਂ, ਤਾਂ ਸਾਡੇ ਮਨ ਵਿਚ ਉਨ੍ਹਾਂ ਨਾਲ ਬੁਰਾਈ ਕਰਨ ਦਾ ਖ਼ਿਆਲ ਵੀ ਨਹੀਂ ਆਵੇਗਾ।
ਪੈਨਸਿਲਵੇਨੀਆ, ਅਮਰੀਕਾ ਤੋਂ ਆਏ ਰੇ ਨੇ ਇਹੀ ਸਿੱਖਿਆ। ਬਚਪਨ ਤੋਂ ਹੀ ਉਸ ਨੂੰ ਲੜਨਾ ਸਿਖਾਇਆ ਗਿਆ ਅਤੇ ਆਪਣੀ ਲੜਨ ਦੀ ਆਦਤ ਕਰਕੇ ਉਹ ਜਲਦੀ ਹੀ “ਲੜਾਕਾ” ਨਾਂ ਤੋਂ ਜਾਣਿਆ ਗਿਆ। ਉਸ ਨੂੰ ਗੁੱਸਾ ਵੀ ਬਹੁਤ ਛੇਤੀ ਚੜ੍ਹ ਜਾਂਦਾ ਸੀ। ਪਰ ਬਾਈਬਲ ਦੇ ਅਸੂਲਾਂ ਨੂੰ ਲਾਗੂ ਕਰਨ ਨਾਲ ਉਹ ਹੌਲੀ-ਹੌਲੀ ਤਬਦੀਲੀਆਂ ਕਰਨ ਲੱਗਾ। ਇਸ ਤਰ੍ਹਾਂ ਕਰਨਾ ਹਮੇਸ਼ਾ ਸੌਖਾ ਨਹੀਂ ਸੀ। ਕਦੀ-ਕਦੀ ਉਹ ਪੌਲੁਸ ਵਾਂਗ ਮਹਿਸੂਸ ਕਰਦਾ ਸੀ ਜਿਸ ਨੇ ਬਾਈਬਲ ਵਿਚ ਲਿਖਿਆ: “ਜਦ ਮੈਂ ਭਲਿਆਈ ਕਰਨਾ ਚਾਹੁੰਦਾ ਹਾਂ ਤਦੋਂ ਬੁਰਿਆਈ ਹਾਜ਼ਰ ਹੁੰਦੀ ਹੈ।” (ਰੋਮੀਆਂ 7:21) ਕਈ ਸਾਲਾਂ ਤੋਂ ਕੋਸ਼ਿਸ਼ ਕਰਦਿਆਂ ਰੇ ਹੁਣ “ਭਲਿਆਈ ਨਾਲ ਬੁਰਿਆਈ ਨੂੰ ਜਿੱਤ” ਸਕਦਾ ਹੈ।—ਰੋਮੀਆਂ 12:21.
ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ‘ਧਰਮੀਆਂ ਦੇ ਮਾਰਗ ਨੂੰ ਫੜੀ ਰੱਖਣ’ ਦਾ ਫ਼ਾਇਦਾ ਹੈ? (ਕਹਾਉਤਾਂ 2:20-22) ਕਿਉਂਕਿ ਅਖ਼ੀਰ ਵਿਚ ਬੁਰਾਈ ਉੱਤੇ ਭਲਾਈ ਦੀ ਜਿੱਤ ਹੋਵੇਗੀ। ਬਾਈਬਲ ਕਹਿੰਦੀ ਹੈ: “ਕੁਕਰਮੀ ਤਾਂ ਛੇਕੇ ਜਾਣਗੇ . . . ਥੋੜਾ ਹੀ ਚਿਰ ਰਹਿੰਦਾ ਹੈ ਭਈ ਦੁਸ਼ਟ ਨਹੀਂ ਹੋਵੇਗਾ . . . ਪਰ ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।” (ਜ਼ਬੂਰਾਂ ਦੀ ਪੋਥੀ 37:9-11) ਪਰਮੇਸ਼ੁਰ ਬੁਰਾਈ ਨੂੰ ਜੜ੍ਹੋਂ ਉਖਾੜ ਦੇਵੇਗਾ। ਤਾਂ ਫਿਰ ਉਨ੍ਹਾਂ ਸਾਰਿਆਂ ਦਾ ਕਿੰਨਾ ਸੋਹਣਾ ਭਵਿੱਖ ਹੋਵੇਗਾ ਜੋ ਭਲਾਈ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ! (g10-E 04)
ਕੀ ਤੁਸੀਂ ਕਦੇ ਸੋਚਿਆ ਹੈ?
● ਸਾਡੇ ਕੰਮਾਂ ਲਈ ਕੌਣ ਜ਼ਿੰਮੇਵਾਰ ਹੈ?—ਯਾਕੂਬ 1:14.
● ਕੀ ਆਪਣੇ ਤੌਰ-ਤਰੀਕਿਆਂ ਨੂੰ ਬਦਲਣਾ ਮੁਮਕਿਨ ਹੈ?—ਯਸਾਯਾਹ 1:16, 17.
● ਕੀ ਬੁਰਾਈ ਕਦੇ ਖ਼ਤਮ ਹੋਵੇਗੀ?—ਜ਼ਬੂਰਾਂ ਦੀ ਪੋਥੀ 37:9, 10; ਕਹਾਉਤਾਂ 2:20-22.
[ਸਫ਼ਾ 31 ਉੱਤੇ ਤਸਵੀਰਾਂ]
ਇਨਸਾਨ ਉੱਨਾ ਹੀ ਚੰਗਾ ਜਾਂ ਬੁਰਾ ਹੁੰਦਾ ਹੈ ਜਿੰਨਾ ਉਹ ਖ਼ੁਦ ਬਣਨਾ ਚਾਹੁੰਦਾ ਹੈ