Skip to content

Skip to table of contents

ਕੀ ਮੈਂ ਤਕਨਾਲੋਜੀ ਦੇ ਜਾਲ ਵਿਚ ਫੱਸਿਆ ਹੋਇਆ ਹਾਂ?

ਕੀ ਮੈਂ ਤਕਨਾਲੋਜੀ ਦੇ ਜਾਲ ਵਿਚ ਫੱਸਿਆ ਹੋਇਆ ਹਾਂ?

ਨੌਜਵਾਨ ਪੁੱਛਦੇ ਹਨ

ਕੀ ਮੈਂ ਤਕਨਾਲੋਜੀ ਦੇ ਜਾਲ ਵਿਚ ਫੱਸਿਆ ਹੋਇਆ ਹਾਂ?

ਇਨ੍ਹਾਂ ਤਿੰਨਾਂ ਵਿਚ ਕਿਹੜੀ ਗੱਲ ਮਿਲਦੀ-ਜੁਲਦੀ ਹੈ?

“ਮੈਨੂੰ ਐੱਸ.ਐੱਮ.ਐੱਸ ਭੇਜਣੇ ਬਹੁਤ ਜ਼ਿਆਦਾ ਪਸੰਦ ਹਨ! ਮੈਨੂੰ ਲੱਗਦਾ ਹੈ ਕਿ ਇਸ ਤੋਂ ਵਧੀਆ ਤਾਂ ਕੋਈ ਚੀਜ਼ ਹੋ ਹੀ ਨਹੀਂ ਸਕਦੀ! ਤੁਸੀਂ ਇਕ ਤਰ੍ਹਾਂ ਨਾਲ ਕਹਿ ਸਕਦੇ ਹੋ ਕਿ ਇਸ ਨੇ ਮੇਰੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਕੰਟ੍ਰੋਲ ਕਰ ਲਿਆ ਹੈ।”—ਐਲਨ। *

“ਜਦੋਂ ਮੇਰੀ ਮੰਮੀ ਨੇ ਮੇਰੇ ਕਮਰੇ ਲਈ ਟੀ.ਵੀ. ਖ਼ਰੀਦਿਆ, ਤਾਂ ਮੇਰੀ ਖ਼ੁਸ਼ੀ ਦਾ ਟਿਕਾਣਾ ਨਾ ਰਿਹਾ! ਰਾਤ ਨੂੰ ਸੌਣ ਦੀ ਬਜਾਇ ਮੈਂ ਦੇਰ ਰਾਤ ਤਕ ਟੀ.ਵੀ. ਦੇਖਦੀ ਰਹਿੰਦੀ ਸੀ। ਮੈਂ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸਮਾਂ ਬਿਤਾਉਣ ਦੀ ਬਜਾਇ ਟੀ.ਵੀ. ਦੇਖਣ ਵਿਚ ਸਮਾਂ ਗੁਜ਼ਾਰਦੀ ਸੀ।”—ਟਰੀਜ਼ਾ।

“ਮੈਂ ਜਿੱਥੇ ਵੀ ਜਾਂਦੀ ਸੀ ਜਾਂ ਜੋ ਵੀ ਕਰਦੀ ਸੀ, ਤਾਂ ਮੈਂ ਹਮੇਸ਼ਾ ਸੋਚਦੀ ਰਹਿੰਦੀ ਕਿ ਕਿਸੇ ਨੇ ਮੇਰੇ ਵੈੱਬ ਪੇਜ ’ਤੇ ਕੋਈ ਮੈਸਿਜ ਤਾਂ ਨਹੀਂ ਲਿਖਿਆ। ਜੇ ਮੈਂ ਅੱਧੀ ਰਾਤ ਨੂੰ ਉੱਠ ਵੀ ਜਾਂਦੀ ਸੀ, ਤਾਂ ਮੈਨੂੰ ਆਪਣਾ ਕੰਪਿਊਟਰ ਚਲਾਉਣਾ ਪੈਂਦਾ ਸੀ। ਹਰ ਮੌਕਾ ਮਿਲਣ ’ਤੇ ਮੈਂ ਆਪਣਾ ਬਲਾਗ ਲਿਖਦੀ ਸੀ।”—ਐਨਾ।

ਇਨ੍ਹਾਂ ਤਿੰਨਾਂ ਨੌਜਵਾਨਾਂ ਵਿੱਚੋਂ ਕਿਹੜਾ ਤਕਨਾਲੋਜੀ ਦਾ ਆਦੀ ਹੈ?

ਐਲਨਟਰੀਜ਼ਾਐਨਾ

ਜਦੋਂ ਤੁਹਾਡੇ ਮਾਤਾ-ਪਿਤਾ ਜਵਾਨ ਸਨ, ਤਾਂ ਟੀ.ਵੀ. ਅਤੇ ਰੇਡੀਓ ਹੀ ਇਲੈਕਟ੍ਰਾਨਿਕ ਯੰਤਰ ਹੁੰਦੇ ਸਨ। ਉਸ ਸਮੇਂ ਫ਼ੋਨ ਸਿਰਫ਼ ਸੁਣਨ ਲਈ ਹੁੰਦਾ ਸੀ ਅਤੇ ਘਰ ਵਿਚ ਇਕ ਥਾਂ ’ਤੇ ਪਿਆ ਰਹਿੰਦਾ ਸੀ। ਇਹ ਸੋਚ ਕੇ ਹੀ ਕਿੰਨਾ ਅਜੀਬ ਜਿਹਾ ਲੱਗਦਾ ਹੈ, ਹੈ ਨਾ? ਐਨਾ ਨਾਂ ਦੀ ਕੁੜੀ ਇੱਦਾਂ ਹੀ ਕਹਿੰਦੀ ਹੈ: “ਮੇਰੇ ਮੰਮੀ-ਡੈਡੀ ਦੇ ਜ਼ਮਾਨੇ ਵਿਚ ਸਾਇੰਸ ਨੇ ਇੰਨੀ ਤਰੱਕੀ ਨਹੀਂ ਸੀ ਕੀਤੀ। ਉਹ ਤਾਂ ਹੁਣ ਸਿੱਖਣ ਲੱਗੇ ਹਨ ਕਿ ਮੋਬਾਇਲ ਫ਼ੋਨ ਕਿੱਦਾਂ ਵਰਤਿਆ ਜਾਂਦਾ ਹੈ।”

ਅੱਜ ਤੁਸੀਂ ਆਪਣੇ ਮੋਬਾਇਲ ’ਤੇ ਗੱਲ ਕਰ ਸਕਦੇ ਹੋ, ਗਾਣੇ ਸੁਣ ਸਕਦੇ ਹਨ, ਪ੍ਰੋਗ੍ਰਾਮ ਦੇਖ ਸਕਦੇ ਹੋ, ਗੇਮ ਖੇਡ ਸਕਦੇ ਹੋ, ਆਪਣੇ ਦੋਸਤ ਨੂੰ ਈ-ਮੇਲ ਭੇਜ ਸਕਦੇ ਹੋ, ਫੋਟੋ ਖਿੱਚ ਸਕਦੇ ਹੋ ਅਤੇ ਇਸ ’ਤੇ ਇੰਟਰਨੈੱਟ ਚਲਾ ਸਕਦੇ ਹੋ। ਤੁਸੀਂ ਇਸ ਮੋਬਾਇਲ ਫ਼ੋਨ ਰਾਹੀਂ ਸਾਰੇ ਕੰਮ ਕਰ ਸਕਦੇ ਹੋ ਅਤੇ ਇਸ ਨੂੰ ਕਿਤੇ ਵੀ ਲੈ ਕੇ ਜਾ ਸਕਦੇ ਹੋ। ਕੰਪਿਊਟਰ, ਸੈੱਲ ਫ਼ੋਨ, ਟੀ.ਵੀ. ਅਤੇ ਇੰਟਰਨੈੱਟ ਦੀ ਦੁਨੀਆਂ ਵਿਚ ਪੈਦਾ ਹੋਣ ਕਰਕੇ ਸ਼ਾਇਦ ਇਹ ਚੀਜ਼ਾਂ ਤੁਹਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕੀਆਂ ਹਨ। ਹੋ ਸਕਦਾ ਹੈ ਕਿ ਤੁਹਾਡੇ ਮਾਪਿਆਂ ਨੂੰ ਲੱਗੇ ਕਿ ਤੁਹਾਨੂੰ ਇਨ੍ਹਾਂ ਦੀ ਆਦਤ ਪੈ ਚੁੱਕੀ ਹੈ। ਸੋ ਇਹ ਨਾ ਸੋਚੋ ਕਿ ਉਨ੍ਹਾਂ ਨੂੰ ਕੁਝ ਨਹੀਂ ਪਤਾ। ਰਾਜਾ ਸੁਲੇਮਾਨ ਨੇ ਕਿਹਾ: “ਗੱਲ ਸੁਣਨ ਤੋਂ ਪਹਿਲਾਂ ਜਿਹੜਾ ਉੱਤਰ ਦਿੰਦਾ ਹੈ,—ਇਹ ਉਹ ਦੇ ਲਈ ਮੂਰਖਤਾਈ . . . ਹੈ।”—ਕਹਾਉਤਾਂ 18:13.

ਕੀ ਤੁਹਾਨੂੰ ਪਤਾ ਹੈ ਕਿ ਤੁਹਾਡੇ ਮਾਪੇ ਤੁਹਾਡਾ ਇੰਨਾ ਫ਼ਿਕਰ ਕਿਉਂ ਕਰਦੇ ਹਨ? ਹੇਠਲੀਆਂ ਗੱਲਾਂ ’ਤੇ ਗੌਰ ਕਰੋ ਕਿ ਕਿਤੇ ਤੁਸੀਂ ਇਲੈਕਟ੍ਰਾਨਿਕਸ ਦੇ ਜਾਲ ਵਿਚ ਤਾਂ ਨਹੀਂ ਫਸੇ ਹੋਏ।

‘ਕੀ ਮੈਂ ਇਨ੍ਹਾਂ ਚੀਜ਼ਾਂ ਦਾ ਆਦੀ ਹੋ ਚੁੱਕਾ ਹਾਂ?’

ਇਕ ਵਿਸ਼ਵ-ਕੋਸ਼ ਦੱਸਦਾ ਹੈ ਕਿ ਕਿਸੇ ਚੀਜ਼ ਦੇ ਆਦੀ ਹੋ ਜਾਣ ਦਾ ਮਤਲਬ ਹੈ ਕਿ “ਕੋਈ ਕੰਮ ਕਰਨ ਦਾ ਜਨੂਨ ਸਵਾਰ ਹੋਣਾ ਅਤੇ ਉਹ ਕੰਮ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਪਾਉਣਾ, ਭਾਵੇਂ ਉਸ ਦੇ ਅੰਜਾਮ ਬੁਰੇ ਕਿਉਂ ਨਾ ਹੋਣ।” ਜਿਨ੍ਹਾਂ ਤਿੰਨ ਨੌਜਵਾਨਾਂ ਦੀ ਇਸ ਲੇਖ ਦੇ ਸ਼ੁਰੂ ਵਿਚ ਗੱਲ ਕੀਤੀ ਗਈ ਸੀ ਉਹ ਇਲੈਕਟ੍ਰਾਨਿਕਸ ਦੇ ਜਾਲ ਵਿਚ ਫਸ ਗਏ ਹਨ। ਤੁਹਾਡੇ ਬਾਰੇ ਕੀ? ਹੇਠਾਂ ਆਦੀ ਹੋਣ ਦੇ ਮਤਲਬ ਨੂੰ ਖੋਲ੍ਹ ਕੇ ਸਮਝਾਇਆ ਗਿਆ ਹੈ। ਦੂਸਰੇ ਨੌਜਵਾਨਾਂ ਦੇ ਵਿਚਾਰ ਪੜ੍ਹੋ ਅਤੇ ਦੇਖੋ ਕਿ ਕੀ ਤੁਸੀਂ ਵੀ ਇੱਦਾਂ ਹੀ ਕਹਿੰਦੇ ਜਾਂ ਕਰਦੇ ਹੋ। ਫਿਰ ਆਪਣੇ ਜਵਾਬ ਲਿਖੋ।

ਜਨੂਨ ਸਵਾਰ ਹੋਣਾ। “ਮੈਂ ਲਗਾਤਾਰ ਕਈ ਘੰਟਿਆਂ ਲਈ ਗੇਮਾਂ ਖੇਡਦਾ ਹੁੰਦਾ ਸੀ। ਪਰ ਇਨ੍ਹਾਂ ਕਰਕੇ ਮੈਂ ਸੌਂਦਾ ਨਹੀਂ ਸੀ ਹੁੰਦਾ ਅਤੇ ਮੈਂ ਹਮੇਸ਼ਾ ਦੂਜਿਆਂ ਨਾਲ ਇਨ੍ਹਾਂ ਬਾਰੇ ਹੀ ਗੱਲਾਂ ਕਰਦਾ ਸੀ। ਮੈਂ ਆਪਣੇ ਪਰਿਵਾਰ ਤੋਂ ਪਰੇ-ਪਰੇ ਰਹਿੰਦਾ ਸੀ ਅਤੇ ਮੈਂ ਗੇਮਾਂ ਦੀ ਦੁਨੀਆਂ ਵਿਚ ਗੁਆਚਿਆ ਰਹਿੰਦਾ ਸੀ।”—ਐਂਡਰੂ।

ਤੁਹਾਡੇ ਖ਼ਿਆਲ ਵਿਚ ਸਾਨੂੰ ਹਰ ਰੋਜ਼ ਇਲੈਕਟ੍ਰਾਨਿਕ ਚੀਜ਼ਾਂ ਵਰਤਣ ਵਿਚ ਕਿੰਨਾ ਕੁ ਸਮਾਂ ਲਾਉਣਾ ਚਾਹੀਦਾ ਹੈ? ․․․․․

ਤੁਹਾਡੇ ਮੰਮੀ-ਡੈਡੀ ਮੁਤਾਬਕ ਤੁਹਾਨੂੰ ਕਿੰਨਾ ਸਮਾਂ ਗੁਜ਼ਾਰਨਾ ਚਾਹੀਦਾ ਹੈ? ․․․․․

ਕੁੱਲ ਮਿਲਾ ਕੇ ਦਿਹਾੜੀ ਵਿਚ ਤੁਸੀਂ ਐੱਸ.ਐੱਮ.ਐੱਸ. ਭੇਜਣ, ਟੀ.ਵੀ. ਦੇਖਣ, ਵੈੱਬ-ਸਾਈਟ ’ਤੇ ਫੋਟੋਆਂ ਲਾਉਣ, ਮੈਸਿਜ ਲਿਖਣ ਅਤੇ ਗੇਮਾਂ ਖੇਡਣ ਵਿਚ ਕਿੰਨਾ ਸਮਾਂ ਲਾਉਂਦੇ ਹੋ? ․․․․․

ਆਪਣੇ ਜਵਾਬਾਂ ਵੱਲ ਧਿਆਨ ਦੇ ਕੇ ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਨ੍ਹਾਂ ਚੀਜ਼ਾਂ ਤੋਂ ਬਿਨਾਂ ਰਹਿ ਨਹੀਂ ਸਕਦੇ?

□ ਹਾਂ □ ਨਾਂਹ

ਆਪਣੇ ਆਪ ਨੂੰ ਰੋਕ ਨਹੀਂ ਪਾਉਣਾ। “ਮੇਰੇ ਮੰਮੀ-ਪਾਪਾ ਮੈਨੂੰ ਹਰ ਵਕਤ ਐੱਸ.ਐੱਮ.ਐੱਸ. ਭੇਜਦੇ ਦੇਖਦੇ ਹਨ ਅਤੇ ਉਹ ਕਹਿੰਦੇ ਹਨ ਕਿ ਮੈਨੂੰ ਇੰਨਾ ਨਹੀਂ ਕਰਨਾ ਚਾਹੀਦਾ। ਪਰ ਮੈਂ ਦੂਸਰਿਆਂ ਨਾਲੋਂ ਘੱਟ ਹੀ ਭੇਜਦਾ ਹਾਂ। ਹਾਂ, ਇਹ ਗੱਲ ਤਾਂ ਸੱਚ ਹੈ ਕਿ ਮੈਂ ਆਪਣੇ ਮੰਮੀ-ਪਾਪਾ ਨਾਲੋਂ ਜ਼ਿਆਦਾ ਮੈਸਿਜ ਭੇਜਦਾ ਹਾਂ। ਸਾਡੇ ਵਿਚ ਜ਼ਮੀਨ ਅਤੇ ਆਸਮਾਨ ਦਾ ਫ਼ਰਕ ਹੈ—ਉਨ੍ਹਾਂ ਦੀ ਉਮਰ 40 ਸਾਲਾਂ ਦੀ ਹੈ ਅਤੇ ਮੈਂ 15 ਸਾਲਾਂ ਦਾ ਹਾਂ!”—ਐਲਨ।

ਕੀ ਤੁਹਾਡੇ ਮਾਪਿਆਂ ਜਾਂ ਦੋਸਤਾਂ ਨੇ ਕਿਹਾ ਹੈ ਕਿ ਤੁਸੀਂ ਇਲੈਕਟ੍ਰਾਨਿਕ ਚੀਜ਼ਾਂ ਨੂੰ ਜ਼ਿਆਦਾ ਵਰਤਦੇ ਹੋ?

□ ਹਾਂ □ ਨਾਂਹ

ਕੀ ਤੁਹਾਨੂੰ ਆਪਣੀ ਇਸ ਆਦਤ ’ਤੇ ਕਾਬੂ ਪਾਉਣਾ ਔਖਾ ਲੱਗਦਾ ਹੈ?

□ ਹਾਂ □ ਨਾਂਹ

ਬੁਰੇ ਅੰਜਾਮ। “ਮੇਰੇ ਦੋਸਤ ਹਰ ਵਕਤ ਐੱਸ.ਐੱਮ.ਐੱਸ. ਭੇਜਦੇ ਹਨ ਇੱਥੋਂ ਤਕ ਕਿ ਗੱਡੀ ਚਲਾਉਂਦੇ ਵੇਲੇ ਵੀ। ਇਹ ਕਿੰਨਾ ਪਾਗਲਪਣ ਹੈ!”—ਜੂਲੀ।

“ਪਹਿਲਾਂ-ਪਹਿਲਾਂ ਜਦੋਂ ਮੈਨੂੰ ਆਪਣਾ ਮੋਬਾਇਲ ਮਿਲਿਆ, ਤਾਂ ਮੈਂ ਹਮੇਸ਼ਾ ਦੂਜਿਆਂ ਨੂੰ ਫ਼ੋਨ ਕਰਦੀ ਜਾਂ ਫਿਰ ਐੱਸ.ਐੱਮ.ਐੱਸ. ਭੇਜਦੀ ਰਹਿੰਦੀ ਸੀ। ਇਸ ਕਰਕੇ ਮੇਰੇ ਪਰਿਵਾਰ ਅਤੇ ਕੁਝ ਦੋਸਤਾਂ ਨਾਲ ਮੇਰਾ ਰਿਸ਼ਤਾ ਵਿਗੜ ਗਿਆ। ਪਰ ਹੁਣ ਮੈਂ ਗੌਰ ਕਰਦੀ ਹਾਂ ਕਿ ਜਦੋਂ ਮੈਂ ਆਪਣੇ ਦੋਸਤਾਂ ਨਾਲ ਗੱਲ ਕਰਦੀ ਹਾਂ, ਤਾਂ ਉਹ ਹਮੇਸ਼ਾ ਮੈਨੂੰ ਟੋਕ ਕੇ ਇਹੀ ਕਹਿੰਦੇ ਹਨ: ‘ਇਕ ਮਿੰਟ, ਜ਼ਰਾ ਮੈਂ ਐੱਸ.ਐੱਮ.ਐੱਸ. ਭੇਜ ਦੇਵਾਂ।’ ਇਹੀ ਵਜ੍ਹਾ ਹੈ ਕਿ ਮੈਂ ਉਨ੍ਹਾਂ ਦੋਸਤਾਂ ਨੂੰ ਇੰਨਾ ਕਿਉਂ ਨਹੀਂ ਮਿਲਦੀ।”—ਸ਼ਰਲੀ।

ਕੀ ਤੁਸੀਂ ਵੀ ਗੱਡੀ ਚਲਾਉਂਦੇ ਵੇਲੇ ਜਾਂ ਆਪਣੀ ਕਲਾਸ ਵਿਚ ਬੈਠੇ ਐੱਸ.ਐੱਮ.ਐੱਸ. ਪੜ੍ਹਦੇ ਜਾਂ ਭੇਜਦੇ ਹੋ?

□ ਹਾਂ □ ਨਾਂਹ

ਆਪਣੇ ਪਰਿਵਾਰ ਜਾਂ ਦੋਸਤਾਂ ਨਾਲ ਗੱਲ ਕਰਦੇ ਵੇਲੇ ਕੀ ਤੁਸੀਂ ਹਮੇਸ਼ਾ ਉਨ੍ਹਾਂ ਦੀ ਗੱਲ ਵਿੱਚੇ ਹੀ ਟੋਕ ਕੇ ਈ-ਮੇਲ ਪੜ੍ਹਨ, ਫ਼ੋਨ ਕਰਨ ਜਾਂ ਮੈਸਿਜ ਭੇਜਣ ਲੱਗ ਪੈਂਦੇ ਹੋ?

□ ਹਾਂ □ ਨਾਂਹ

ਕੀ ਇਨ੍ਹਾਂ ਚੀਜ਼ਾਂ ਕਰਕੇ ਤੁਹਾਡੀ ਨੀਂਦ ਜਾਂ ਪੜ੍ਹਾਈ ਖ਼ਰਾਬ ਹੋ ਰਹੀ ਹੈ?

□ ਹਾਂ □ ਨਾਂਹ

ਸਹੀ ਨਜ਼ਰੀਆ ਰੱਖੋ

ਜੇ ਤੁਸੀਂ ਕੰਪਿਊਟਰ, ਮੋਬਾਇਲ ਜਾਂ ਕੋਈ ਹੋਰ ਇਲੈਕਟ੍ਰਾਨਿਕ ਚੀਜ਼ ਵਰਤਦੇ ਹੋ, ਤਾਂ ਖ਼ੁਦ ਤੋਂ ਹੇਠਾਂ ਲਿਖੇ ਚਾਰ ਸਵਾਲ ਪੁੱਛੋ। ਬਾਈਬਲ ਦੀ ਸਲਾਹ ਅਤੇ ਕੁਝ ਸੁਝਾਵਾਂ ਨੂੰ ਲਾਗੂ ਕਰ ਕੇ ਤੁਸੀਂ ਆਪਣੇ ਆਪ ਨੂੰ ਬਚਾ ਕੇ ਵੀ ਰੱਖੋਗੇ ਅਤੇ ਕੰਟ੍ਰੋਲ ਵਿਚ ਵੀ।

1. ਕਿੱਦਾਂ ਦੀਆਂ ਗੱਲਾਂ ਕਰੀਏ? “ਉਨ੍ਹਾਂ ਗੱਲਾਂ ਵੱਲ ਧਿਆਨ ਦਿਉ ਜੋ ਸੱਚੀਆਂ, ਸਤਿਕਾਰ ਯੋਗ, ਸਹੀ, ਸ਼ੁਧ, ਪਿਆਰ ਕਰਨ ਯੋਗ ਅਤੇ ਪ੍ਰਸ਼ੰਸਾ ਯੋਗ ਹਨ। ਹਮੇਸ਼ਾ ਉਨ੍ਹਾਂ ਗੱਲਾਂ ਬਾਰੇ ਸੋਚੋ ਜੋ ਉੱਤਮ ਅਤੇ ਪ੍ਰਸ਼ੰਸਾ ਯੋਗ ਹਨ।”—ਫ਼ਿਲਿੱਪੀਆਂ 4:8, ERV.

ਇੱਦਾਂ ਕਰੋ ਆਪਣੇ ਦੋਸਤਾਂ-ਮਿੱਤਰਾਂ ਅਤੇ ਪਰਿਵਾਰ ਨਾਲ ਗੱਲਬਾਤ ਕਰਦੇ ਰਹੋ। ਨਾਲੇ ਉਨ੍ਹਾਂ ਨਾਲ ਹੌਸਲਾ-ਅਫ਼ਜ਼ਾਈ ਵਾਲੀਆਂ ਗੱਲਾਂ ਕਰੋ।—ਕਹਾਉਤਾਂ 25:25; ਅਫ਼ਸੀਆਂ 4:29.

ਇੱਦਾਂ ਨਾ ਕਰੋ ਚੁਗ਼ਲੀਆਂ ਨਾ ਕਰੋ ਅਤੇ ਨਾ ਹੀ ਗੰਦੀਆਂ ਫੋਟੋਆਂ ਜਾਂ ਮੈਸਿਜ ਭੇਜੋ। ਅਸ਼ਲੀਲ ਵਿਡਿਓ ਜਾਂ ਪ੍ਰੋਗ੍ਰਾਮ ਨਾ ਦੇਖੋ।—ਕੁਲੁੱਸੀਆਂ 3:5; 1 ਪਤਰਸ 4:15.

2. ਇਸ ਨੂੰ ਕਦੋਂ ਵਰਤੀਏ? “ਹਰੇਕ ਕੰਮ ਦਾ ਇੱਕ ਸਮਾ ਹੈ।”—ਉਪਦੇਸ਼ਕ ਦੀ ਪੋਥੀ 3:1.

ਇੱਦਾਂ ਕਰੋ ਇਕ ਸਮਾਂ ਤੈਅ ਕਰੋ ਕਿ ਤੁਸੀਂ ਕਿੰਨੀ ਦੇਰ ਮੈਸਿਜ ਭੇਜਣ ਅਤੇ ਦੇਖਣ ਵਿਚ ਲਾਉਣਾ ਹੈ, ਕੋਈ ਪ੍ਰੋਗ੍ਰਾਮ ਦੇਖਣਾ ਹੈ ਜਾਂ ਕੋਈ ਗੇਮ ਖੇਡਣੀ ਹੈ। ਅਹਿਮ ਮੌਕਿਆਂ ’ਤੇ ਜਿਵੇਂ ਕਿ ਮੀਟਿੰਗਾਂ ਦੇ ਸਮੇਂ ਇਨ੍ਹਾਂ ਚੀਜ਼ਾਂ ਨੂੰ ਬੰਦ ਕਰ ਦਿਓ। ਤੁਸੀਂ ਬਾਅਦ ਵਿਚ ਵੀ ਇਨ੍ਹਾਂ ਮੈਸਿਜਾਂ ਦਾ ਜਵਾਬ ਦੇ ਸਕਦੇ ਹੋ।

ਇੱਦਾਂ ਨਾ ਕਰੋ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ, ਸਟੱਡੀ ਕਰਦੇ ਹੋਏ ਜਾਂ ਪਰਮੇਸ਼ੁਰ ਦੀ ਸੇਵਾ ਕਰਦੇ ਹੋਏ ਆਪਣੀਆਂ ਇਲੈਕਟ੍ਰਾਨਿਕ ਚੀਜ਼ਾਂ ਨਾ ਵਰਤੋ।—ਅਫ਼ਸੀਆਂ 5:15-17; ਫ਼ਿਲਿੱਪੀਆਂ 2:4.

3. ਮੈਂ ਕਿਨ੍ਹਾਂ ਨਾਲ ਮਿਲਦਾ-ਗਿਲਦਾ ਹਾਂ? “ਧੋਖਾ ਨਾ ਖਾਓ, ਬੁਰੀਆਂ ਸੰਗਤਾਂ ਚੰਗਿਆਂ ਚਲਣਾਂ ਨੂੰ ਵਿਗਾੜ ਦਿੰਦੀਆਂ ਹਨ।”—1 ਕੁਰਿੰਥੀਆਂ 15:33.

ਇੱਦਾਂ ਕਰੋ ਇਨ੍ਹਾਂ ਚੀਜ਼ਾਂ ਨੂੰ ਵਰਤ ਕੇ ਉਨ੍ਹਾਂ ਲੋਕਾਂ ਨਾਲ ਆਪਣੀ ਦੋਸਤੀ ਬਣਾਈ ਰੱਖੋ ਜੋ ਤੁਹਾਨੂੰ ਚੰਗੀਆਂ ਆਦਤਾਂ ਪੈਦਾ ਕਰਨ ਦੀ ਹੱਲਾਸ਼ੇਰੀ ਦਿੰਦੇ ਹਨ।—ਕਹਾਉਤਾਂ 22:17.

ਇੱਦਾਂ ਨਾ ਕਰੋ ਧੋਖਾ ਨਾ ਖਾਓ। ਜਿਨ੍ਹਾਂ ਲੋਕਾਂ ਨੂੰ ਤੁਸੀਂ ਈ-ਮੇਲ ਜਾਂ ਮੈਸਿਜ ਭੇਜਦੇ ਹੋ ਜਾਂ ਉਨ੍ਹਾਂ ਨੂੰ ਟੀ.ਵੀ., ਵਿਡੀਓ ਜਾਂ ਇੰਟਰਨੈੱਟ ’ਤੇ ਦੇਖਦੇ ਹੋ, ਉਨ੍ਹਾਂ ਦਾ ਤੁਹਾਡੀ ਬੋਲ-ਚਾਲ ਅਤੇ ਸੋਚਣੀ ’ਤੇ ਮਾੜਾ ਅਸਰ ਪਵੇਗਾ।—ਕਹਾਉਤਾਂ 13:20.

4. ਮੈਂ ਕਿੰਨਾ ਸਮਾਂ ਬਿਤਾ ਰਿਹਾ ਹਾਂ? “ਚੰਗ ਚੰਗੇਰੀਆਂ ਗੱਲਾਂ ਨੂੰ ਪਸੰਦ ਕਰੋ।”—ਫ਼ਿਲਿੱਪੀਆਂ 1:10.

ਇੱਦਾਂ ਕਰੋ ਨੋਟ ਕਰੋ ਕਿ ਤੁਸੀਂ ਇਲੈਕਟ੍ਰਾਨਿਕ ਚੀਜ਼ਾਂ ’ਤੇ ਕਿੰਨਾ ਕੁ ਸਮਾਂ ਲਾਉਂਦੇ ਹੋ।

ਇੱਦਾਂ ਨਾ ਕਰੋ ਜੇ ਤੁਹਾਡੇ ਦੋਸਤ ਜਾਂ ਮੰਮੀ-ਡੈਡੀ ਕਹਿੰਦੇ ਹਨ ਕਿ ਤੁਸੀਂ ਇਨ੍ਹਾਂ ਉੱਤੇ ਆਪਣਾ ਕੁਝ ਜ਼ਿਆਦਾ ਸਮਾਂ ਲਾ ਰਹੇ ਹੋ, ਤਾਂ ਉਨ੍ਹਾਂ ਦੀ ਗੱਲ ਨੂੰ ਐਵੇਂ ਨਾ ਸਮਝੋ।—ਕਹਾਉਤਾਂ 26:12.

ਜਿੱਥੋਂ ਤਕ ਇਲੈਕਟ੍ਰਾਨਿਕ ਚੀਜ਼ਾਂ ਨੂੰ ਵਰਤਣ ਦੀ ਗੱਲ ਆਉਂਦੀ ਹੈ, ਤਾਂ ਇਨ੍ਹਾਂ ਨੂੰ ਸਮਝਦਾਰੀ ਨਾਲ ਵਰਤਣਾ ਚਾਹੀਦਾ ਹੈ। ਐਂਡਰੂ ਦੱਸਦਾ ਹੈ: “ਇਲੈਕਟ੍ਰਾਨਿਕ ਚੀਜ਼ਾਂ ਨੂੰ ਥੋੜ੍ਹੇ ਸਮੇਂ ਲਈ ਇਸਤੇਮਾਲ ਕਰੋ, ਤਾਂ ਚੰਗੀਆਂ ਲੱਗਦੀਆਂ ਹਨ। ਮੈਂ ਤਕਨਾਲੋਜੀ ਨੂੰ ਸਹੀ ਤਰੀਕੇ ਨਾਲ ਵਰਤਣਾ ਸਿੱਖਿਆ ਤਾਂਕਿ ਇਹ ਮੈਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਤੋਂ ਦੂਰ ਨਾ ਕਰ ਦੇਵੇ।” (g11-E 01)

“ਨੌਜਵਾਨ ਪੁੱਛਦੇ ਹਨ” ਲੇਖਾਂ ਦੀ ਲੜੀ ਦੇ ਹੋਰ ਲੇਖ ਇਸ ਵੈੱਬ-ਸਾਈਟ ’ਤੇ ਦਿੱਤੇ ਗਏ ਹਨ: www.watchtower.org/ype

[ਫੁਟਨੋਟ]

^ ਪੈਰਾ 4 ਇਸ ਲੇਖ ਵਿਚ ਕੁਝ ਨਾਂ ਬਦਲੇ ਗਏ ਹਨ।

[ਸਫ਼ਾ 17 ਉੱਤੇ ਡੱਬੀ/ਤਸਵੀਰਾਂ]

ਤੁਹਾਡੇ ਹਾਣੀ ਕੀ ਕਹਿੰਦੇ ਹਨ

“ਮੇਰੇ ਮੰਮੀ-ਡੈਡੀ ਮੈਨੂੰ ਕਹਿੰਦੇ ਹੁੰਦੇ ਸਨ ਕਿ ਜਦੋਂ ਦੇਖੋ ਤੂੰ ਮੋਬਾਇਲ ਫ਼ੋਨ ਨਾਲ ਚਿੰਬੜਿਆ ਰਹਿੰਦਾ ਹੈਂ! ਪਹਿਲਾਂ ਤਾਂ ਮੈਂ ਗੱਲ ਹਾਸੇ ਵਿਚ ਉਡਾ ਦਿੱਤੀ, ਪਰ ਬਾਅਦ ਵਿਚ ਮੈਨੂੰ ਪਤਾ ਲੱਗਾ ਕਿ ਉਹ ਸੱਚ ਹੀ ਕਹਿ ਰਹੇ ਸਨ। ਹੁਣ ਮੈਂ ਘੱਟ ਹੀ ਮੈਸਿਜ ਭੇਜਦਾ ਹਾਂ ਅਤੇ ਅੱਗੇ ਨਾਲੋਂ ਬਹੁਤ ਖ਼ੁਸ਼ ਹਾਂ।”

“ਪਹਿਲਾਂ ਤਾਂ ਮੈਂ ਹਰ ਵੇਲੇ ਇੰਟਰਨੈੱਟ ’ਤੇ ਮੈਸਿਜ ਚੈੱਕ ਕਰਦੀ ਹੁੰਦੀ ਸੀ ਜਿਸ ਕਰਕੇ ਮੇਰੇ ਹੋਮਵਰਕ ਅਤੇ ਪੜ੍ਹਾਈ ’ਤੇ ਮਾੜਾ ਅਸਰ ਪੈ ਰਿਹਾ ਸੀ। ਹੁਣ ਮੈਂ ਘੱਟ ਹੀ ਇੰਟਰਨੈੱਟ ਚਲਾਉਂਦੀ ਹਾਂ। ਇੱਦਾਂ ਲੱਗਦਾ ਹੈ ਕਿ ਮੇਰੇ ਸਿਰ ਤੋਂ ਬਹੁਤ ਸਾਰਾ ਬੋਝ ਲਹਿ ਗਿਆ ਹੈ। ਸਮਝਦਾਰੀ ਨਾਲ ਚੱਲਣਾ ਹੀ ਸਹੀ ਹੈ।”

[ਤਸਵੀਰਾਂ]

ਜੋਵਾਨੀ

ਮਰਾਇਆ

[ਸਫ਼ਾ 18 ਉੱਤੇ ਡੱਬੀ]

ਮੈਂ ਆਨ-ਲਾਈਨ ਸੋਸ਼ਲ ਨੈੱਟਵਰਕ ਦੀ ਸ਼ਿਕਾਰ ਬਣੀ

“ਥੋੜ੍ਹੇ ਸਾਲ ਪਹਿਲਾਂ ਅਸੀਂ ਆਪਣਾ ਸ਼ਹਿਰ ਛੱਡਿਆ। ਮੇਰੇ ਦੋਸਤਾਂ ਨੇ ਮੈਨੂੰ ਇੰਟਰਨੈੱਟ ਦੀ ਇਕ ਅਜਿਹੀ ਸਾਈਟ ਖੋਲ੍ਹਣ ਲਈ ਕਿਹਾ ਜਿਸ ਰਾਹੀਂ ਅਸੀਂ ਇਕ-ਦੂਜੇ ਨੂੰ ਫੋਟੋਆਂ ਭੇਜ ਸਕਦੇ ਸੀ। ਮੈਨੂੰ ਲੱਗਾ ਕਿ ਇਸ ਤੋਂ ਵਧੀਆ ਤਰੀਕਾ ਤਾਂ ਕੋਈ ਹੋ ਹੀ ਨਹੀਂ ਸਕਦਾ। ਮੈਂ ਸਿਰਫ਼ ਆਪਣੇ ਦੋਸਤਾਂ ਨਾਲ ਗੱਲਾਂ ਕਰਨੀਆਂ ਸਨ, ਸੋ ਇਸ ਵਿਚ ਕੀ ਹਰਜ਼ ਸੀ?

ਪਹਿਲਾਂ ਤਾਂ ਸਾਰਾ ਕੁਝ ਠੀਕ ਸੀ। ਮੈਂ ਹਫ਼ਤੇ ਵਿਚ ਇਕ ਵਾਰ ਆਪਣੇ ਦੋਸਤਾਂ ਦੀਆਂ ਫੋਟੋਆਂ ਦੇਖਦੀ ਅਤੇ ਮੈਸਿਜ ਪੜ੍ਹਦੀ ਸੀ ਅਤੇ ਮੈਂ ਉਨ੍ਹਾਂ ਨੂੰ ਲਿਖਦੀ ਵੀ ਸੀ। ਪਰ ਬਾਅਦ ਵਿਚ ਮੈਂ ਸਾਰਾ ਸਮਾਂ ਇਸ ਸਾਈਟ ’ਤੇ ਹੀ ਲਾਉਣ ਲੱਗ ਪਈ। ਫਿਰ ਮੇਰੇ ਦੋਸਤਾਂ ਦੇ ਦੋਸਤ ਵੀ ਮੇਰੇ ਨਾਲ ਗੱਲ ਕਰਨੀ ਚਾਹੁੰਦੇ ਸਨ ਅਤੇ ਉਹ ਵੀ ਮੈਨੂੰ ਮੈਸਿਜ ਭੇਜਣ ਲੱਗ ਪਏ। ਮੈਂ ਸੋਚਿਆ ਕਿ ਉਹ ਵੀ ਚੰਗੇ ਹੀ ਹੋਣਗੇ ਅਤੇ ਮੈਂ ਵੀ ਉਨ੍ਹਾਂ ਨੂੰ ਮੈਸਿਜ ਭੇਜਣ ਲੱਗ ਪਈ। ਕੁਝ ਹੀ ਸਮੇਂ ਬਾਅਦ ਇੰਟਰਨੈੱਟ ’ਤੇ ਮੇਰੇ ਤਕਰੀਬਨ 50 ਦੋਸਤ ਬਣ ਗਏ।

ਮੈਂ ਹਰ ਪਲ ਆਨ-ਲਾਈਨ ਹੋਣ ਬਾਰੇ ਸੋਚਦੀ ਸੀ। ਮੇਰੇ ਮਨ ਵਿਚ ਹਮੇਸ਼ਾ ਇਹੀ ਗੱਲ ਹੁੰਦੀ ਸੀ ਕਿ ਮੈਂ ਫਿਰ ਕਦੋਂ ਵੈੱਬ-ਸਾਈਟ ਦੇਖ ਸਕਾਂਗੀ। ਮੈਂ ਇੰਨੀ ਰੁੱਝੀ ਹੁੰਦੀ ਸੀ ਕਿ ਘੰਟੇ ਬੀਤ ਜਾਂਦੇ ਸਨ ਅਤੇ ਮੈਨੂੰ ਪਤਾ ਹੀ ਨਹੀਂ ਸੀ ਲੱਗਦਾ।

ਡੇਢ ਸਾਲ ਬੀਤ ਗਿਆ ਅਤੇ ਫਿਰ ਮੈਨੂੰ ਪਤਾ ਲੱਗਾ ਕਿ ਮੈਂ ਇੰਟਰਨੈੱਟ ਦੀ ਆਦੀ ਹੋ ਚੁੱਕੀ ਹਾਂ। ਹੁਣ ਮੈਂ ਇਸ ਆਦਤ ’ਤੇ ਕਾਬੂ ਰੱਖਦੀ ਹਾਂ ਅਤੇ ਨਵੇਂ ਦੋਸਤਾਂ ਨੂੰ ਜਾ ਕੇ ਮਿਲਦੀ ਹਾਂ ਜੋ ਮੇਰੇ ਵਾਂਗ ਹੀ ਸਹੀ ਅਸੂਲਾਂ ’ਤੇ ਚੱਲਦੇ ਹਨ। ਮੇਰੇ ਕਈ ਦੋਸਤ ਮੇਰੇ ਕੰਮਾਂ ਨੂੰ ਸਮਝ ਨਹੀਂ ਪਾਉਂਦੇ, ਪਰ ਮੈਂ ਆਪਣੀਆਂ ਗ਼ਲਤੀਆਂ ਤੋਂ ਸਬਕ ਸਿੱਖ ਲਿਆ ਹੈ।”—ਐਲਨ, 18.

[ਸਫ਼ਾ 18 ਉੱਤੇ ਡੱਬੀ]

ਆਪਣੇ ਮਾਪਿਆਂ ਨੂੰ ਪੁੱਛੋ

ਤੁਸੀਂ ਆਪਣੇ ਮੰਮੀ-ਪਾਪਾ ਨਾਲ ਮਨੋਰੰਜਨ ਬਾਰੇ ਗੱਲ ਕਰ ਕੇ ਸ਼ਾਇਦ ਹੈਰਾਨ ਹੋਵੋ। ਸ਼ੈਰਲ ਨਾਂ ਦੀ ਕੁੜੀ ਕਹਿੰਦੀ ਹੈ: “ਇਕ ਵਾਰ ਮੇਰੇ ਡੈਡੀ ਨੂੰ ਸ਼ੱਕ ਹੋਇਆ ਕਿ ਮੇਰੀ ਸੀ.ਡੀ. ’ਤੇ ਗ਼ਲਤ ਗਾਣੇ ਭਰੇ ਹੋਏ ਸਨ। ਮੈਂ ਉਨ੍ਹਾਂ ਨੂੰ ਪੁੱਛਿਆ ਜੇ ਉਹ ਚਾਹੁਣ, ਤਾਂ ਅਸੀਂ ਇਕੱਠੇ ਬੈਠ ਕੇ ਪੂਰੀ ਸੀ.ਡੀ. ਸੁਣ ਸਕਦੇ ਹਾਂ ਅਤੇ ਉਹ ਰਾਜ਼ੀ ਹੋ ਗਏ। ਬਾਅਦ ਵਿਚ ਉਨ੍ਹਾਂ ਨੇ ਕਿਹਾ ਕਿ ਪੂਰੀ ਸੀ.ਡੀ. ਵਿਚ ਕੁਝ ਗ਼ਲਤ ਨਹੀਂ ਸੀ!”

ਹੇਠਾਂ ਇਕ ਅਜਿਹਾ ਸਵਾਲ ਲਿਖੋ ਜੋ ਤੁਸੀਂ ਇਲੈਕਟ੍ਰਾਨਿਕਸ ਬਾਰੇ ਆਪਣੇ ਮੰਮੀ-ਡੈਡੀ ਨੂੰ ਪੁੱਛਣਾ ਚਾਹੁੰਦੇ ਹੋ।

[ਸਫ਼ਾ 19 ਉੱਤੇ ਡੱਬੀ]

ਮਾਪਿਆਂ ਨੂੰ ਸਲਾਹ

ਕੀ ਤੁਹਾਡਾ ਬੱਚਾ ਤੁਹਾਡੇ ਨਾਲ ਸਮਾਂ ਬਿਤਾਉਣ ਦੀ ਬਜਾਇ ਕੰਪਿਊਟਰ, ਫ਼ੋਨ ਜਾਂ ਐੱਮ.ਪੀ.3 ਪਲੇਅਰ ਵਰਗੀਆਂ ਚੀਜ਼ਾਂ ’ਤੇ ਜ਼ਿਆਦਾ ਸਮਾਂ ਬਿਤਾਉਂਦਾ ਹੈ? ਜੇ ਹਾਂ, ਤਾਂ ਤੁਸੀਂ ਕੀ ਕਰ ਸਕਦੇ ਹੋ?

ਜੇ ਤੁਸੀਂ ਚਾਹੋ, ਤਾਂ ਆਪਣੇ ਬੱਚੇ ਕੋਲੋਂ ਇਹ ਚੀਜ਼ਾਂ ਖੋਹ ਸਕਦੇ ਹੋ। ਪਰ ਇਹ ਨਾ ਸੋਚੋ ਕਿ ਇਹ ਚੀਜ਼ਾਂ ਬੁਰੀਆਂ ਹਨ ਕਿਉਂਕਿ ਤੁਸੀਂ ਵੀ ਇਨ੍ਹਾਂ ਚੀਜ਼ਾਂ ਨੂੰ ਵਰਤਦੇ ਹੋ ਭਾਵੇਂ ਕਿ ਤੁਹਾਡੇ ਮਾਪਿਆਂ ਦੇ ਵੇਲੇ ਇਹ ਚੀਜ਼ਾਂ ਨਹੀਂ ਹੁੰਦੀਆਂ ਸਨ। ਆਪਣੇ ਬੱਚੇ ਦੀਆਂ ਚੀਜ਼ਾਂ ਉਨ੍ਹਾਂ ਤੋਂ ਖੋਹਣ ਦੀ ਬਜਾਇ ਕਿਉਂ ਨਾ ਆਪਣੇ ਧੀ-ਪੁੱਤ ਨੂੰ ਸਿਖਾਓ ਕਿ ਇਹ ਚੀਜ਼ਾਂ ਕਿਵੇਂ ਅਕਲਮੰਦੀ ਅਤੇ ਸਮਝਦਾਰੀ ਨਾਲ ਵਰਤੀਆਂ ਜਾ ਸਕਦੀਆਂ ਹਨ? ਤੁਸੀਂ ਇਹ ਕਿਵੇਂ ਕਰ ਸਕਦੇ ਹੋ?

ਆਪਣੇ ਬੱਚੇ ਨਾਲ ਬੈਠ ਕੇ ਇਸ ਬਾਰੇ ਗੱਲ ਕਰੋ। ਪਹਿਲਾਂ ਉਸ ਨੂੰ ਦੱਸੋ ਕਿ ਤੁਸੀਂ ਕਿਉਂ ਉਸ ਦਾ ਫ਼ਿਕਰ ਕਰਦੇ ਹੋ। ਫਿਰ ਆਪਣੇ ਬੱਚੇ ਦੀ ਗੱਲ ਸੁਣੋ। (ਕਹਾਉਤਾਂ 18:13) ਬਾਅਦ ਵਿਚ ਇਕੱਠੇ ਬਹਿ ਕੇ ਇਸ ਦਾ ਕੋਈ ਹੱਲ ਲੱਭੋ। ਇਹ ਕਹਿਣ ਦੀ ਬਜਾਇ ਕਿ ਉਹ ਬਿਲਕੁਲ ਹੀ ਇਨ੍ਹਾਂ ਚੀਜ਼ਾਂ ਨੂੰ ਨਾ ਵਰਤੇ ਉਸ ਨੂੰ ਸਮਝਾਓ ਕਿ ਉਹ ਇਨ੍ਹਾਂ ਨੂੰ ਕਿਸ ਵੇਲੇ ਅਤੇ ਕਿੰਨੀ ਦੇਰ ਤਕ ਵਰਤ ਸਕਦਾ ਹੈ। ਏਲਨ ਨਾਂ ਦੀ ਕੁੜੀ ਦੱਸਦੀ ਹੈ: “ਜਦੋਂ ਮੈਂ ਬਹੁਤ ਜ਼ਿਆਦਾ ਐੱਸ.ਐੱਮ.ਐੱਸ. ਭੇਜਦੀ ਹੁੰਦੀ ਸੀ, ਤਾਂ ਮੇਰੇ ਮੰਮੀ-ਡੈਡੀ ਨੇ ਮੇਰਾ ਮੋਬਾਇਲ ਖੋਹਣ ਦੀ ਬਜਾਇ ਮੈਨੂੰ ਸਲਾਹ ਦਿੱਤੀ ਕਿ ਮੈਂ ਘੱਟ ਮੈਸਿਜ ਭੇਜਾਂ। ਹੁਣ ਜਦੋਂ ਮੇਰੇ ਮੰਮੀ-ਡੈਡੀ ਮੈਨੂੰ ਨਹੀਂ ਵੀ ਦੇਖ ਰਹੇ ਹੁੰਦੇ, ਤਾਂ ਵੀ ਮੈਂ ਸੋਚ-ਸਮਝ ਕੇ ਐੱਸ.ਐੱਮ.ਐੱਸ. ਭੇਜਦੀ ਹਾਂ।”

ਪਰ ਉਦੋਂ ਕੀ ਜੇ ਤੁਹਾਡੇ ਬੱਚੇ ਨੂੰ ਤੁਹਾਡੀ ਗੱਲ ਚੰਗੀ ਨਾ ਲੱਗੇ? ਇਹ ਨਾ ਸੋਚੋ ਕਿ ਉਹ ਤੁਹਾਡੀ ਗੱਲ ਨਹੀਂ ਮੰਨੇਗਾ, ਸਗੋਂ ਸਬਰ ਰੱਖੋ ਤੇ ਆਪਣੇ ਬੱਚੇ ਨੂੰ ਸਮਾਂ ਦਿਓ ਤਾਂਕਿ ਉਹ ਤੁਹਾਡੀਆਂ ਗੱਲਾਂ ਬਾਰੇ ਸੋਚ ਸਕੇ। ਸ਼ਾਇਦ ਉਹ ਤੁਹਾਡੀਆਂ ਗੱਲਾਂ ਨਾਲ ਸਹਿਮਤ ਹੋਵੇ ਅਤੇ ਸੋਚੇ ਕਿ ਉਸ ਨੂੰ ਖ਼ੁਦ ਵਿਚ ਸੁਧਾਰ ਕਰਨ ਦੀ ਲੋੜ ਹੈ। ਬਹੁਤ ਸਾਰੇ ਨੌਜਵਾਨ 14 ਸਾਲਾਂ ਦੀ ਹੇਲੀ ਨਾਲ ਸਹਿਮਤ ਹੋਣਗੇ ਜੋ ਕਹਿੰਦੀ ਹੈ: “ਪਹਿਲਾਂ ਤਾਂ ਮੈਨੂੰ ਬਿਲਕੁਲ ਚੰਗਾ ਨਹੀਂ ਲੱਗਾ ਜਦ ਮੇਰੇ ਮੰਮੀ-ਪਾਪਾ ਨੇ ਕਿਹਾ ਕਿ ਮੈਂ ਕੰਪਿਊਟਰ ’ਤੇ ਹਮੇਸ਼ਾ ਬੈਠੀ ਰਹਿੰਦੀ ਹਾਂ। ਪਰ ਬਾਅਦ ਵਿਚ ਮੈਂ ਇਸ ਬਾਰੇ ਸੋਚਿਆ ਅਤੇ ਮੈਨੂੰ ਮੰਨਣਾ ਪਿਆ ਕਿ ਉਹ ਠੀਕ ਹੀ ਕਹਿ ਰਹੇ ਸਨ।”

[ਸਫ਼ਾ 19 ਉੱਤੇ ਤਸਵੀਰ]

ਕੀ ਤੁਸੀਂ ਇਲੈਕਟ੍ਰਾਨਿਕਸ ਨੂੰ ਕੰਟ੍ਰੋਲ ਕਰਦੇ ਹੋ ਜਾਂ ਇਸ ਨੇ ਤੁਹਾਨੂੰ ਕੰਟ੍ਰੋਲ ਕੀਤਾ ਹੈ?