Skip to content

Skip to table of contents

ਮੈਂ ਹਰ ਪਾਸੇ ਬੇਇਨਸਾਫ਼ੀ ਦੇਖੀ

ਮੈਂ ਹਰ ਪਾਸੇ ਬੇਇਨਸਾਫ਼ੀ ਦੇਖੀ

ਮੇਰਾ ਜਨਮ 1965 ਵਿਚ ਉੱਤਰੀ ਆਇਰਲੈਂਡ ਵਿਚ ਇਕ ਗ਼ਰੀਬ ਪਰਿਵਾਰ ਵਿਚ ਹੋਇਆ। ਮੈਂ ਜ਼ਿਲ੍ਹਾ ਡੇਰੀ ਵਿਚ ਵੱਡਾ ਹੋਇਆ ਅਤੇ ਉਸ ਸਮੇਂ ਦੌਰਾਨ ਕੈਥੋਲਿਕ ਅਤੇ ਪ੍ਰੋਟੈਸਟੈਂਟ ਧਰਮ ਦੇ ਲੋਕਾਂ ਵਿਚਕਾਰ ਲੜਾਈ-ਝਗੜਾ ਚੱਲ ਰਿਹਾ ਸੀ। ਇਹ ਲੜਾਈ 30 ਤੋਂ ਜ਼ਿਆਦਾ ਸਾਲ ਚੱਲਦੀ ਰਹੀ। ਉਸ ਇਲਾਕੇ ਵਿਚ ਕੈਥੋਲਿਕ ਲੋਕ ਥੋੜ੍ਹੇ ਅਤੇ ਪ੍ਰੋਟੈਸਟੈਂਟ ਲੋਕ ਜ਼ਿਆਦਾ ਸਨ। ਕੈਥੋਲਿਕ ਲੋਕਾਂ ਨੂੰ ਲੱਗਦਾ ਸੀ ਕਿ ਵੋਟਾਂ, ਨੌਕਰੀਆਂ ਤੇ ਘਰਾਂ ਦੇ ਮਾਮਲਿਆਂ ਵਿਚ ਉਨ੍ਹਾਂ ਨਾਲ ਪੱਖਪਾਤ ਹੁੰਦਾ ਸੀ ਅਤੇ ਪੁਲਸ ਵੀ ਪ੍ਰੋਟੈਸਟੈਂਟ ਲੋਕਾਂ ਦਾ ਸਾਥ ਦਿੰਦੀ ਸੀ।

ਮੈਂ ਹਰ ਪਾਸੇ ਬੇਇਨਸਾਫ਼ੀ ਤੇ ਊਚ-ਨੀਚ ਦੇਖੀ। ਮੈਨੂੰ ਕਿੰਨੀ ਵਾਰ ਕੁੱਟਿਆ ਗਿਆ, ਧੱਕੇ ਨਾਲ ਕਾਰ ਵਿੱਚੋਂ ਕੱਢਿਆ ਗਿਆ ਅਤੇ ਬੰਦੂਕ ਦੀ ਨੋਕ ’ਤੇ ਧਮਕੀਆਂ ਦਿੱਤੀਆਂ ਗਈਆਂ। ਨਾਲੇ ਪੁਲਸ ਜਾਂ ਫ਼ੌਜੀਆਂ ਨੇ ਵੀ ਕਈ ਵਾਰ ਮੈਥੋਂ ਪੁੱਛ-ਗਿੱਛ ਕੀਤੀ। ਮੈਨੂੰ ਇੱਦਾਂ ਲੱਗਾ ਕਿ ਮੈਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਮੈਂ ਸੋਚਿਆ, ‘ਮੈਂ ਜਾਂ ਤਾਂ ਇਸ ਨੂੰ ਸਹਿ ਸਕਦਾ ਹਾਂ ਜਾਂ ਇੱਟ ਦਾ ਜਵਾਬ ਪੱਥਰ ਨਾਲ ਦੇ ਸਕਦਾ ਹਾਂ!’

1972 ਵਿਚ ਬ੍ਰਿਟਿਸ਼ ਫ਼ੌਜੀਆਂ ਨੇ 14 ਲੋਕਾਂ ਨੂੰ ਗੋਲੀਆਂ ਨਾਲ ਮਾਰ ਦਿੱਤਾ ਤੇ ਇਸ ਦੀ ਯਾਦ ਵਿਚ ਹਰ ਸਾਲ ਜਲੂਸ ਕੱਢੇ ਗਏ। ਮੈਂ ਵੀ ਇਨ੍ਹਾਂ ਵਿਚ ਹਿੱਸਾ ਲੈਂਦਾ ਹੁੰਦਾ ਸੀ। ਨਾਲੇ ਜਦ ਕੁਝ ਰੀਪਬਲੀਕਨ ਕੈਦੀ 1981 ਵਿਚ ਭੁੱਖ-ਹੜਤਾਲ ਕਰਨ ਕਰਕੇ ਮਰ ਗਏ, ਤਾਂ ਉਦੋਂ ਵੀ ਉਨ੍ਹਾਂ ਦੀ ਯਾਦ ਵਿਚ ਜਲੂਸ ਕੱਢਿਆ ਗਿਆ ਤੇ ਹਰ ਸਾਲ ਮੈਂ ਇਸ ਵਿਚ ਹਿੱਸਾ ਲੈਂਦਾ ਸੀ। ਮੈਂ ਕਈ ਥਾਵਾਂ ਤੇ ਆਇਰਿਸ਼ ਝੰਡੇ ਗੱਡਿਆ ਕਰਦਾ ਸੀ ਅਤੇ ਜਿੱਥੇ ਕਿਤੇ ਮੈਂ ਲਿਖ ਸਕਦਾ ਸੀ ਉੱਥੇ ਕੰਧਾਂ ਉੱਤੇ ਅੰਗ੍ਰੇਜ਼ਾਂ ਦੇ ਖ਼ਿਲਾਫ਼ ਗੱਲਾਂ ਲਿਖਦਾ ਹੁੰਦਾ ਸੀ। ਕੈਥੋਲਿਕ ਲੋਕਾਂ ਉੱਤੇ ਜ਼ੁਲਮ ਹੋਣੇ ਜਾਂ ਉਨ੍ਹਾਂ ਦਾ ਕਤਲ ਕਰਨਾ ਰੋਜ਼ ਦੀ ਗੱਲ ਬਣ ਗਈ ਸੀ ਜਿਸ ਕਰਕੇ ਰੋਸ-ਮੁਜ਼ਾਹਰੇ ਹੁੰਦੇ ਰਹਿੰਦੇ ਸਨ। ਕਈ ਵਾਰ ਛੋਟੇ-ਮੋਟੇ ਜਲੂਸ ਦੰਗੇ-ਫ਼ਸਾਦਾਂ ਦਾ ਰੂਪ ਧਾਰ ਲੈਂਦੇ ਸਨ।

ਜਦੋਂ ਮੈਂ ਯੂਨੀਵਰਸਿਟੀ ਵਿਚ ਸੀ, ਉਦੋਂ ਮੈਂ ਦੂਸਰੇ ਸਟੂਡੈਂਟਸ ਨਾਲ ਮਿਲ ਕੇ ਵਾਤਾਵਰਣ ਦੀ ਸਾਂਭ-ਸੰਭਾਲ ਕਰਨ ਲਈ ਧਰਨੇ ਦਿੰਦਾ ਹੁੰਦਾ ਸੀ। ਬਾਅਦ ਵਿਚ ਮੈਂ ਲੰਡਨ ਵਿਚ ਰਹਿਣ ਲੱਗ ਪਿਆ ਅਤੇ ਉੱਥੇ ਮੈਂ ਸਰਕਾਰ ਦੀਆਂ ਪਾਲਸੀਆਂ ਖ਼ਿਲਾਫ਼ ਧਰਨੇ ਦਿੰਦਾ ਹੁੰਦਾ ਸੀ ਜੋ ਅਮੀਰਾਂ ਦੇ ਪੱਖ ਵਿਚ ਹੁੰਦੀਆਂ ਸਨ ਅਤੇ ਗ਼ਰੀਬਾਂ ਦਾ ਖ਼ੂਨ ਚੂਸਦੀਆਂ ਸਨ। ਤਨਖ਼ਾਹਾਂ ਵਿਚ ਹੋਈ ਕਟੌਤੀ ਕਰਕੇ ਜਲੂਸ ਕੱਢੇ ਗਏ ਜਿਨ੍ਹਾਂ ਵਿਚ ਮੈਂ ਹਿੱਸਾ ਲਿਆ। 1990 ਵਿਚ ਮੈਂ ਟੈਕਸ ਲੱਗਣ ਕਰਕੇ ਕੱਢੇ ਗਏ ਜਲੂਸ ਵਿਚ ਹਿੱਸਾ ਲਿਆ। ਇਸ ਜਲੂਸ ਵਿਚ ਧਰਨੇ ਦੇਣ ਵਾਲਿਆਂ ਨੇ ਲੰਡਨ ਦੇ ਟ੍ਰੈਫੈਲਗਰ ਸਕੁਏਰ ਦਾ ਭਾਰੀ ਨੁਕਸਾਨ ਕੀਤਾ।

ਅਖ਼ੀਰ ਮੈਂ ਨਿਰਾਸ਼ ਹੋ ਗਿਆ। ਮੈਂ ਦੇਖਿਆ ਕਿ ਧਰਨੇ ਦੇਣ ਨਾਲ ਸਾਡੀਆਂ ਮੰਗਾਂ ਤਾਂ ਪੂਰੀਆਂ ਨਹੀਂ ਹੋਈਆਂ, ਸਗੋਂ ਨਫ਼ਰਤ ਵਧੀ।

ਨੇਕ ਇਰਾਦੇ ਹੋਣ ਦੇ ਬਾਵਜੂਦ ਵੀ ਇਨਸਾਨ ਬੇਇਨਸਾਫ਼ੀ ਅਤੇ ਊਚ-ਨੀਚ ਨੂੰ ਖ਼ਤਮ ਨਹੀਂ ਕਰ ਸਕਦੇ

ਇਸ ਸਮੇਂ ਦੌਰਾਨ ਮੇਰੇ ਇਕ ਦੋਸਤ ਨੇ ਮੈਨੂੰ ਯਹੋਵਾਹ ਦੇ ਗਵਾਹਾਂ ਨਾਲ ਮਿਲਾਇਆ। ਉਨ੍ਹਾਂ ਨੇ ਮੈਨੂੰ ਬਾਈਬਲ ਤੋਂ ਸਿਖਾਇਆ ਕਿ ਰੱਬ ਸਾਡੀ ਪਰਵਾਹ ਕਰਦਾ ਹੈ ਅਤੇ ਉਹ ਇਨਸਾਨਾਂ ਉੱਤੇ ਢਾਹੇ ਜਾਂਦੇ ਹਰ ਜ਼ੁਲਮ ਨੂੰ ਖ਼ਤਮ ਕਰੇਗਾ। (ਯਸਾਯਾਹ 65:17; ਪ੍ਰਕਾਸ਼ ਦੀ ਕਿਤਾਬ 21:3, 4) ਨੇਕ ਇਰਾਦੇ ਹੋਣ ਦੇ ਬਾਵਜੂਦ ਵੀ ਇਨਸਾਨ ਬੇਇਨਸਾਫ਼ੀ ਅਤੇ ਊਚ-ਨੀਚ ਨੂੰ ਖ਼ਤਮ ਨਹੀਂ ਕਰ ਸਕਦੇ। ਸਾਨੂੰ ਰੱਬ ਦੀ ਸੇਧ ਦੀ ਲੋੜ ਹੈ ਕਿਉਂਕਿ ਸਿਰਫ਼ ਰੱਬ ਹੀ ਸ਼ੈਤਾਨ ਤੇ ਉਸ ਦੇ ਬੁਰੇ ਦੂਤਾਂ ਨੂੰ ਖ਼ਤਮ ਕਰ ਸਕਦਾ ਹੈ ਜਿਨ੍ਹਾਂ ਕਰਕੇ ਦੁਨੀਆਂ ਵਿਚ ਇੰਨੀਆਂ ਸਮੱਸਿਆਵਾਂ ਹਨ।​—ਯਿਰਮਿਯਾਹ 10:23; ਅਫ਼ਸੀਆਂ 6:12.

ਹੁਣ ਮੈਨੂੰ ਲੱਗਦਾ ਹੈ ਕਿ ਬੇਇਨਸਾਫ਼ੀ ਖ਼ਿਲਾਫ਼ ਧਰਨੇ ਦੇਣੇ ਡੁੱਬਦੀ ਕਿਸ਼ਤੀ ’ਤੇ ਸਫ਼ਾਈ ਕਰਨ ਦੇ ਬਰਾਬਰ ਸੀ। ਇਹ ਸਿੱਖ ਕੇ ਮੈਨੂੰ ਮਨ ਦੀ ਸ਼ਾਂਤੀ ਮਿਲੀ ਕਿ ਅਜਿਹਾ ਸਮਾਂ ਆਵੇਗਾ ਜਦ ਇਨਸਾਫ਼ ਦਾ ਬੋਲਬਾਲਾ ਹੋਵੇਗਾ ਅਤੇ ਕੋਈ ਊਚ-ਨੀਚ ਨਹੀਂ ਹੋਵੇਗੀ।

ਬਾਈਬਲ ਦੱਸਦੀ ਹੈ ਕਿ ਯਹੋਵਾਹ ਪਰਮੇਸ਼ੁਰ “ਨਿਆਉਂ ਨਾਲ ਪ੍ਰੇਮ ਰੱਖਦਾ ਹੈ।” (ਜ਼ਬੂਰਾਂ ਦੀ ਪੋਥੀ 37:28) ਇਸ ਕਰਕੇ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਭਾਵੇਂ ਇਨਸਾਨੀ ਸਰਕਾਰਾਂ ਬੇਇਨਸਾਫ਼ੀ ਖ਼ਤਮ ਨਹੀਂ ਕਰ ਸਕੀਆਂ, ਪਰ ਰੱਬ ਬੇਇਨਸਾਫ਼ੀ ਨੂੰ ਜ਼ਰੂਰ ਖ਼ਤਮ ਕਰੇਗਾ। (ਦਾਨੀਏਲ 2:44) ਜੇ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ, ਤਾਂ ਆਪਣੇ ਇਲਾਕੇ ਵਿਚ ਯਹੋਵਾਹ ਦੇ ਗਵਾਹਾਂ ਨਾਲ ਸੰਪਰਕ ਕਰੋ ਜਾਂ ਸਾਡੀ ਵੈੱਬਸਾਈਟ www.pr2711.com ਦੇਖੋ। (g13 07-E)