ਪਰਿਵਾਰ ਵਿਚ ਖ਼ੁਸ਼ੀਆਂ ਲਿਆਓ
ਮਤਭੇਦ ਨਾਲ ਕਿਵੇਂ ਨਜਿੱਠਿਆ ਜਾਵੇ
ਫਰਨੈਂਡੋ * ਕਹਿੰਦਾ ਹੈ: “ਵਿਆਹ ਤੋਂ ਬਾਅਦ ਮੈਂ ਤੇ ਮੇਰੀ ਪਤਨੀ ਸਾਰਾਹ ਮੇਰੇ ਮੰਮੀ-ਡੈਡੀ ਦੇ ਘਰ ਹੀ ਰਹਿਣ ਲੱਗ ਪਏ। ਇਕ ਦਿਨ ਮੇਰੇ ਛੋਟੇ ਭਰਾ ਦੀ ਗਰਲ-ਫ੍ਰੈਂਡ ਨੇ ਮੈਨੂੰ ਆਪਣੀ ਕਾਰ ਵਿਚ ਉਸ ਨੂੰ ਘਰ ਛੱਡਣ ਲਈ ਕਿਹਾ। ਸੋ ਮੈਂ ਆਪਣੇ ਿਨੱਕੇ ਮੁੰਡੇ ਨੂੰ ਨਾਲ ਲੈ ਕੇ ਉਸ ਨੂੰ ਘਰ ਛੱਡਣ ਚਲਾ ਗਿਆ। ਜਦੋਂ ਮੈਂ ਘਰ ਪਰਤਿਆ, ਤਾਂ ਸਾਰਾਹ ਲੋਹਾ-ਲਾਖਾ ਹੋਈ ਪਈ ਸੀ। ਸਾਡੀ ਲੜਾਈ ਹੋ ਗਈ ਅਤੇ ਉਸ ਨੇ ਸਾਰਿਆਂ ਦੇ ਸਾਮ੍ਹਣੇ ਕਹਿ ਦਿੱਤਾ ਕਿ ਮੈਂ ਤਾਂ ਹਮੇਸ਼ਾ ਕੁੜੀਆਂ ਮਗਰ ਲੱਗਾ ਰਹਿੰਦਾ ਹਾਂ। ਇਹ ਸੁਣ ਕੇ ਮੈਂ ਵੀ ਅੱਗ-ਭਬੂਕਾ ਹੋ ਗਿਆ ਅਤੇ ਉਸ ਨੂੰ ਖਰੀਆਂ-ਖਰੀਆਂ ਸੁਣਾ ਦਿੱਤੀਆਂ।”
ਸਾਰਾਹ ਦੱਸਦੀ ਹੈ: “ਸਾਡੇ ਮੁੰਡੇ ਦੀ ਤਬੀਅਤ ਠੀਕ ਨਹੀਂ ਰਹਿੰਦੀ। ਉਸ ਸਮੇਂ ਸਾਡਾ ਹੱਥ ਵੀ ਬਹੁਤ ਤੰਗ ਸੀ। ਸੋ ਜਦੋਂ ਫਰਨੈਂਡੋ ਆਪਣੇ ਭਰਾ ਦੀ ਗਰਲ-ਫ੍ਰੈਂਡ ਨੂੰ ਕਾਰ ਵਿਚ ਬਿਠਾ ਕੇ ਘਰ ਛੱਡਣ ਲਈ ਸਾਡੇ ਮੁੰਡੇ ਨੂੰ ਨਾਲ ਲੈ ਗਿਆ, ਤਾਂ ਕਈ ਗੱਲਾਂ ਕਰਕੇ ਮੈਨੂੰ ਉਸ ਤੇ ਬਹੁਤ ਗੁੱਸਾ ਆਇਆ। ਉਸ ਦੇ ਘਰ ਆਉਣ ਤੇ ਮੈਂ ਆਪਣੇ ਦਿਲ ਦੀ ਸਾਰੀ ਭੜਾਸ ਕੱਢ ਦਿੱਤੀ। ਅਸੀਂ ਖੂਬ ਲੜੇ ਅਤੇ ਇਕ-ਦੂਜੇ ਨੂੰ ਗਾਲਾਂ ਵੀ ਕੱਢੀਆਂ ਜਿਸ ਉੱਤੇ ਬਾਅਦ ਵਿਚ ਮੈਨੂੰ ਬਹੁਤ ਸ਼ਰਮਿੰਦਗੀ ਹੋਈ।”
ਜੇਕਰ ਮੀਆਂ-ਬੀਬੀ ਆਪਸ ਵਿਚ ਲੜਨ, ਤਾਂ ਕੀ ਇਸ ਦਾ ਇਹ ਮਤਲਬ ਹੈ ਕਿ ਉਹ ਇਕ-ਦੂਜੇ ਨੂੰ ਪਿਆਰ ਨਹੀਂ ਕਰਦੇ? ਨਹੀਂ! ਜੌਨ ਤੇ ਸੂਜ਼ੀ ਇਕ-ਦੂਜੇ ਨੂੰ ਬਹੁਤ ਪਿਆਰ ਕਰਦੇ ਹਨ। ਪਰ ਸੁਖੀ ਤੋਂ ਸੁਖੀ ਪਰਿਵਾਰਾਂ ਵਿਚ ਵੀ ਅਕਸਰ ਛੋਟੀਆਂ-ਮੋਟੀਆਂ ਤਕਰਾਰਾਂ ਹੋ ਹੀ ਜਾਂਦੀਆਂ ਹਨ।
ਪਤੀ-ਪਤਨੀ ਵਿਚ ਲੜਾਈ-ਝਗੜੇ ਕਿਉਂ ਹੁੰਦੇ ਹਨ? ਉਹ ਕੀ ਕਰ ਸਕਦੇ ਹਨ ਤਾਂਕਿ ਰਿਸ਼ਤੇ ਟੁੱਟਣ ਦੀ ਨੌਬਤ ਤਕ ਨਾ ਪਹੁੰਚਣ? ਵਿਆਹ ਪਰਮੇਸ਼ੁਰ ਦੀ ਦੇਣ ਹੈ, ਸੋ ਸਾਨੂੰ ਚਾਹੀਦਾ ਹੈ ਕਿ ਅਸੀਂ ਉਸ ਦੇ ਬਚਨ ਬਾਈਬਲ ਨੂੰ ਪੜ੍ਹ ਕੇ ਦੇਖੀਏ ਕਿ ਉਹ ਸਾਨੂੰ ਇਸ ਬਾਰੇ ਕੀ ਸਲਾਹ ਦਿੰਦਾ ਹੈ।—ਉਤਪਤ 2:21, 22; 2 ਤਿਮੋਥਿਉਸ 3:16, 17.
ਝਗੜਿਆਂ ਦੇ ਕਾਰਨਾਂ ਨੂੰ ਸਮਝੋ
ਇਸ ਵਿਚ ਕੋਈ ਸ਼ੱਕ ਨਹੀਂ ਕਿ ਹਰ ਕੋਈ ਆਪਣੇ ਜੀਵਨ-ਸਾਥੀ ਨਾਲ ਪਿਆਰ ਅਤੇ ਇੱਜ਼ਤ ਨਾਲ ਪੇਸ਼ ਆਉਣਾ ਚਾਹੁੰਦਾ ਹੈ। ਪਰ ਬਾਈਬਲ ਵਿਚ ਸਾਫ਼ ਦੱਸਿਆ ਹੈ ਕਿ “ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ੁਰ ਦੇ ਪਰਤਾਪ ਤੋਂ ਰਹਿ ਗਏ ਹਨ।” (ਰੋਮੀਆਂ 3:23) ਸੋ ਜਦੋਂ ਮਤਭੇਦ ਪੈਦਾ ਹੁੰਦੇ ਹਨ, ਤਾਂ ਭੁੱਲਣਹਾਰ ਹੋਣ ਕਰਕੇ ਅਸੀਂ ਕਈ ਵਾਰੀ ਆਪਣੇ ਗੁੱਸੇ ਉੱਤੇ ਕਾਬੂ ਨਹੀਂ ਰੱਖ ਪਾਉਂਦੇ। ਅਸੀਂ ਉੱਚੀ-ਉੱਚੀ ਬੋਲਣ ਲੱਗ ਪੈਂਦੇ ਹਾਂ ਅਤੇ ਜੋ ਮੂੰਹ ਵਿਚ ਆਵੇ ਬਕ ਦਿੰਦੇ ਹਾਂ। (ਰੋਮੀਆਂ 7:21; ਅਫ਼ਸੀਆਂ 4:31) ਪਰ ਲੜਾਈ-ਝਗੜਿਆਂ ਦੇ ਹੋਰ ਵੀ ਕਈ ਕਾਰਨ ਹਨ।
ਇਸ ਵਿਚ ਕੋਈ ਦੋ ਰਾਇ ਨਹੀਂ ਕਿ ਮਰਦ ਤੇ ਤੀਵੀਂ ਦੇ ਗੱਲਬਾਤ ਕਰਨ ਦੇ ਤਰੀਕਿਆਂ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੈ। ਪਤਨੀ ਮੀਚੀਕੋ ਕਹਿੰਦੀ ਹੈ, “ਵਿਆਹ ਤੋਂ ਬਾਅਦ ਜਲਦੀ ਹੀ ਮੈਨੂੰ ਅਹਿਸਾਸ ਹੋਣ ਲੱਗ ਪਿਆ ਸੀ ਕਿ ਮਸਲਿਆਂ ਉੱਤੇ ਗੱਲਬਾਤ ਕਰਨ ਦਾ ਸਾਡੇ ਦੋਨਾਂ ਦਾ ਤਰੀਕਾ ਬਹੁਤ ਹੀ ਵੱਖਰਾ ਸੀ। ਮੈਨੂੰ ਗੱਲ ਖੋਲ੍ਹ ਕੇ ਦੱਸਣ ਦੀ ਆਦਤ ਹੈ, ਜਿਵੇਂ ਕਿ ਸਮੱਸਿਆ ਕੀ ਹੈ ਅਤੇ ਇਹ ਸਮੱਸਿਆ ਕਿਉਂ ਤੇ ਕਿਵੇਂ ਪੈਦਾ ਹੋਈ। ਪਰ ਮੇਰੇ ਪਤੀ ਨੂੰ ‘ਕੀ ਹੋਇਆ, ਕਿਵੇਂ ਹੋਇਆ’ ਵਿਚ ਬਿਲਕੁਲ ਦਿਲਚਸਪੀ ਨਹੀਂ ਹੈ। ਉਹ ਤਾਂ ਬਸ ਮਸਲੇ ਨੂੰ ਹੱਲ ਕਰਨ ਦੀ ਸੋਚਦੇ ਹਨ।”
ਮੀਚੀਕੋ ਵਾਂਗ ਹੋਰ ਵੀ ਕਈ ਵਿਆਹੁਤੇ ਜੋੜੇ ਇਸ ਉਲਝਣ ਦਾ ਸਾਮ੍ਹਣਾ ਕਰ ਰਹੇ ਹਨ। ਘਰ ਵਿਚ ਅਕਸਰ ਦੇਖਿਆ ਗਿਆ ਹੈ ਕਿ ਵਾਦ-ਵਿਵਾਦ ਪੈਦਾ ਹੋਣ ਤੇ ਇਕ ਜਣਾ ਬੈਠ ਕੇ ਉਸ ਬਾਰੇ ਗੱਲਬਾਤ ਕਰਨੀ ਚਾਹੁੰਦਾ ਹੈ, ਪਰ ਦੂਜਾ ਬਹਿਸ ਤੋਂ ਬਚਣ ਲਈ ਗੱਲ ਕਰਨ ਤੋਂ ਕਤਰਾਉਂਦਾ ਹੈ। ਇਕ ਜਣਾ ਜਿੰਨਾ ਜ਼ੋਰ ਪਾਉਂਦਾ ਹੈ, ਦੂਜਾ ਉੱਨਾ ਹੀ ਦੂਰ ਨੱਠਦਾ ਹੈ। ਕੀ ਤੁਹਾਡੇ ਨਾਲ ਕਦੇ ਇੱਦਾਂ ਹੋਇਆ ਹੈ? ਕੀ ਤੁਸੀਂ ਦੇਖਿਆ ਹੈ ਕਿ ਤੁਸੀਂ ਜਦੋਂ ਵੀ ਮਸਲੇ ਉੱਤੇ
ਗੱਲ ਕਰਨ ਦੀ ਕੋਸ਼ਿਸ਼ ਕਰਦੇ ਹੋ, ਤਾਂ ਤੁਹਾਡਾ ਜੀਵਨ-ਸਾਥੀ ਕੋਈ-ਨ-ਕੋਈ ਬਹਾਨਾ ਬਣਾ ਕੇ ਉੱਥੋਂ ਖਿਸਕ ਜਾਂਦਾ ਹੈ?ਪਤੀ-ਪਤਨੀ ਆਪਸ ਵਿਚ ਮਸਲਿਆਂ ਨੂੰ ਕਿਵੇਂ ਹੱਲ ਕਰਦੇ ਹਨ, ਇਹ ਇਸ ਗੱਲ ਤੇ ਵੀ ਨਿਰਭਰ ਕਰਦਾ ਹੈ ਕਿ ਉਹ ਕਿਹੋ ਜਿਹੇ ਮਾਹੌਲ ਵਿਚ ਜੰਮੇ-ਪਲੇ ਹਨ। ਜਸਟਿਨ, ਜਿਸ ਦੇ ਵਿਆਹ ਨੂੰ ਪੰਜ ਸਾਲ ਹੋ ਗਏ ਹਨ, ਨੇ ਕਿਹਾ: “ਮੇਰੇ ਮੰਮੀ-ਡੈਡੀ ਵਿਚ ਘੱਟ ਹੀ ਗੱਲਬਾਤ ਹੁੰਦੀ ਸੀ। ਸੋ ਮੈਨੂੰ ਵੀ ਚੁੱਪ ਰਹਿਣ ਦੀ ਆਦਤ ਪੈ ਗਈ ਹੈ। ਇਸ ਗੱਲ ਤੋਂ ਮੇਰੀ ਬੀਵੀ ਬਹੁਤ ਖਿਝਦੀ ਹੈ। ਮੇਰੇ ਸਹੁਰੇ ਘਰ ਹਰ ਕਿਸੇ ਨੂੰ ਆਪਣੇ ਦਿਲ ਦੀ ਗੱਲ ਖੁੱਲ੍ਹ ਕੇ ਕਹਿਣ ਦੀ ਆਦਤ ਹੈ, ਸੋ ਮੇਰੀ ਬੀਵੀ ਵੀ ਜੋ ਦਿਲ ਵਿਚ ਹੁੰਦਾ ਹੈ, ਝੱਟ ਕਹਿ ਦਿੰਦੀ ਹੈ।”
ਸੁਲਾਹ-ਸਫ਼ਾਈ ਕਰਨ ਦੇ ਫ਼ਾਇਦੇ
ਮਾਹਰਾਂ ਦਾ ਕਹਿਣਾ ਹੈ ਕਿ ਸੁਖਦ ਪਰਿਵਾਰਾਂ ਦਾ ਅਸਲੀ ਮਾਪਦੰਡ ਇਹ ਨਹੀਂ ਹੈ ਕਿ ਪਤੀ-ਪਤਨੀ ਕਿੰਨੀ ਵਾਰ ਇਕ-ਦੂਸਰੇ ਨੂੰ ‘ਆਈ ਲਵ ਯੂ’ ਕਹਿੰਦੇ ਹਨ, ਉਨ੍ਹਾਂ ਦੇ ਸੈਕਸ ਸੰਬੰਧ ਕਿਹੋ ਜਿਹੇ ਹਨ ਜਾਂ ਉਨ੍ਹਾਂ ਕੋਲ ਕਿੰਨਾ ਕੁ ਪੈਸਾ ਹੈ। ਪਰ ਸੁਖੀ ਵਿਆਹੁਤਾ ਜੀਵਨ ਦਾ ਅਸਲੀ ਮਾਪਦੰਡ ਇਹ ਹੈ ਕਿ ਪਤੀ-ਪਤਨੀ ਝਗੜਿਆਂ ਨੂੰ ਕਿਵੇਂ ਨਿਪਟਾਉਂਦੇ ਹਨ।
ਇਸ ਤੋਂ ਇਲਾਵਾ, ਯਿਸੂ ਨੇ ਕਿਹਾ ਕਿ ਵਿਆਹ ਦੇ ਬੰਧਨ ਵਿਚ ਪਰਮੇਸ਼ੁਰ ਹੀ ਆਦਮੀ ਤੇ ਔਰਤ ਨੂੰ ਬੰਨ੍ਹਦਾ ਹੈ, ਨਾ ਕਿ ਇਨਸਾਨ। (ਮੱਤੀ 19:4-6) ਸੋ ਪਰਮੇਸ਼ੁਰ ਦੇ ਮਿਆਰਾਂ ਮੁਤਾਬਕ ਚੱਲਣ ਵਾਲਾ ਵਿਆਹੁਤਾ ਜੀਵਨ ਹੀ ਸਫ਼ਲ ਹੋਵੇਗਾ। ਜੇ ਮਰਦ ਆਪਣੀ ਬੀਵੀ ਨਾਲ ਪਿਆਰ ਅਤੇ ਸਮਝਦਾਰੀ ਨਾਲ ਪੇਸ਼ ਨਹੀਂ ਆਉਂਦਾ, ਤਾਂ ਹੋ ਸਕਦਾ ਹੈ ਕਿ ਯਹੋਵਾਹ ਪਰਮੇਸ਼ੁਰ ਉਸ ਦੀਆਂ ਪ੍ਰਾਰਥਨਾਵਾਂ ਨਾ ਸੁਣੇ। (1 ਪਤਰਸ 3:7) ਇਸੇ ਤਰ੍ਹਾਂ ਜੇ ਪਤਨੀ ਪਤੀ ਦੀ ਇੱਜ਼ਤ ਨਹੀਂ ਕਰਦੀ, ਤਾਂ ਉਹ ਯਹੋਵਾਹ ਦਾ ਨਿਰਾਦਰ ਕਰਦੀ ਹੈ ਜਿਸ ਨੇ ਉਸ ਦੇ ਪਤੀ ਨੂੰ ਘਰ ਦਾ ਮੁਖੀ ਠਹਿਰਾਇਆ ਹੈ।—1 ਕੁਰਿੰਥੀਆਂ 11:3.
ਇਕ ਚੁੱਪ ਸੌ ਸੁੱਖ
ਤੁਹਾਡਾ ਗੱਲ ਕਰਨ ਦਾ ਤਰੀਕਾ ਜਾਂ ਪਰਿਵਾਰਕ ਪਿਛੋਕੜ ਭਾਵੇਂ ਜਿੱਦਾਂ ਦਾ ਵੀ ਰਿਹਾ ਹੋਵੇ, ਪਰ ਮਤਭੇਦ ਨਾਲ ਸਹੀ ਤਰੀਕੇ ਨਾਲ ਨਜਿੱਠਣ ਲਈ ਸਾਨੂੰ ਸਾਰਿਆਂ ਨੂੰ ਆਪਣੀ ਜ਼ਬਾਨ ਨੂੰ ਲਗਾਮ ਦੇਣ ਦੀ ਲੋੜ ਹੈ। ਬਾਈਬਲ ਦੇ ਅਸੂਲਾਂ ਨੂੰ ਚੇਤੇ ਰੱਖਦੇ ਹੋਏ ਆਪਣੇ ਆਪ ਨੂੰ ਇਹ ਸਵਾਲ ਪੁੱਛੋ:
‘ਕੀ ਮੈਂ ਇੱਟ ਦਾ ਜਵਾਬ ਪੱਥਰ ਨਾਲ ਦਿੰਦਾ ਹਾਂ?’
ਪ੍ਰਾਚੀਨ ਸਮੇਂ ਦੇ ਇਕ ਬੁੱਧੀਮਾਨ ਰਾਜੇ ਨੇ ਕਿਹਾ ਸੀ ਕਿ “ਨੱਕ ਮਰੋੜਨ ਨਾਲ ਲਹੂ ਨਿੱਕਲਦਾ ਹੈ, ਅਤੇ ਕ੍ਰੋਧ ਭੜਕਾਉਣ ਨਾਲ ਲੜਾਈ ਉੱਠਦੀ ਹੈ।” (ਕਹਾਉਤਾਂ 30:33) ਇਸ ਕਹਾਵਤ ਦਾ ਕੀ ਅਰਥ ਹੈ? ਇਕ ਮਿਸਾਲ ਲਓ। ਕਲਪਨਾ ਕਰੋ ਕਿ ਪਤੀ-ਪਤਨੀ ਸਲਾਹ-ਮਸ਼ਵਰਾ ਕਰਨ ਬੈਠਦੇ ਹਨ ਕਿ ਆਮਦਨੀ ਘੱਟ ਹੋਣ ਕਰਕੇ ਉਨ੍ਹਾਂ ਨੂੰ ਖ਼ਰਚਾ ਘੱਟ ਕਰਨ ਦੀ ਲੋੜ ਹੈ (“ਸਾਨੂੰ ਘੱਟ ਤੋਂ ਘੱਟ ਚੀਜ਼ਾਂ ਉਧਾਰ ਤੇ ਖ਼ਰੀਦਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ”)। ਪਰ ਦੇਖਦੇ ਹੀ ਦੇਖਦੇ ਉਹ ਇਕ-ਦੂਜੇ ਤੇ ਇਲਜ਼ਾਮ ਲਾਉਣਾ ਸ਼ੁਰੂ ਕਰ ਦਿੰਦੇ ਹਨ (“ਤੂੰ ਤਾਂ ਸੋਚਦੀ ਏ ਕਿ ਪੈਸੇ ਦਰਖ਼ਤਾਂ ਤੇ ਉੱਗਦੇ ਨੇ!”)। ਇਸ ਵਿਚ ਕੋਈ ਸ਼ੱਕ ਨਹੀਂ ਕਿ ਜੇ ਪਤੀ ਪਤਨੀ ਨੂੰ ਗ਼ੈਰ-ਜ਼ਿੰਮੇਵਾਰ ਕਹਿ ਕੇ ਉਸ ਦਾ ‘ਨੱਕ ਮਰੋੜਦਾ ਹੈ,’ ਤਾਂ ਪਤਨੀ ਵੀ ਭੜਕ ਕੇ ਉਸ ਦਾ ਨੱਕ ਮਰੋੜਨ ਤੇ ਉਤਾਰੂ ਹੋ ਜਾਵੇਗੀ। ਪਰ ਇੱਟ ਦਾ ਜਵਾਬ ਪੱਥਰ ਨਾਲ ਦੇ ਕੇ ਮਸਲਾ ਹੱਲ ਹੋਣ ਦੀ ਬਜਾਇ ਹੋਰ ਵਿਗੜ ਜਾਂਦਾ ਹੈ।
ਬਾਈਬਲ ਦੇ ਇਕ ਲਿਖਾਰੀ ਯਾਕੂਬ ਨੇ ਸਾਵਧਾਨ ਕੀਤਾ: “ਵੇਖੋ, ਕੇਡਾ ਵੱਡਾ ਬਣ ਕਿਹੀ ਨਿੱਕੀ ਜਿਹੀ ਅੱਗ ਨਾਲ ਬਲ ਉੱਠਦਾ ਹੈ! ਜੀਭ ਵੀ ਇੱਕ ਅੱਗ ਹੈ!” (ਯਾਕੂਬ 3:5, 6) ਜੇ ਪਤੀ-ਪਤਨੀ ਆਪਣੀ ਜੀਭ ਨੂੰ ਕਾਬੂ ਵਿਚ ਨਹੀਂ ਰੱਖਦੇ, ਤਾਂ ਉਹ ਅਕਸਰ ਛੋਟੀ ਜਿਹੀ ਗੱਲ ਨੂੰ ਲੈ ਕੇ ਰਾਈ ਦਾ ਪਹਾੜ ਬਣਾ ਦਿੰਦੇ ਹਨ। ਜਿਸ ਘਰ ਵਿਚ ਪਤੀ ਤੇ ਪਤਨੀ ਦਿਨ-ਰਾਤ ਲੜਦੇ-ਝਗੜਦੇ ਰਹਿਣ, ਉੱਥੇ ਪਿਆਰ ਨੂੰ ਦਮ ਤੋੜਨ ਵਿਚ ਦੇਰ ਨਹੀਂ ਲੱਗੇਗੀ।
ਸੋ ਚੁਭਵੀਆਂ ਗੱਲਾਂ ਕਹਿਣ ਦੀ ਬਜਾਇ ਯਿਸੂ ਦੀ ਰੀਸ ਕਰੋ ਜੋ “ਗਾਲੀਆਂ ਖਾ ਕੇ ਗਾਲੀ ਨਾ ਦਿੰਦਾ ਸੀ।” (1 ਪਤਰਸ 2:23) ਕਿਉਂ ਨਾ ਤੁਸੀਂ ਆਪਣੇ ਜੀਵਨ-ਸਾਥੀ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ? ਜੇ ਉਸ ਦੀ ਗੱਲ ਵਿਚ ਦਮ ਹੈ, ਤਾਂ ਹਲੀਮੀ ਨਾਲ ਉਸ ਤੋਂ ਮਾਫ਼ੀ ਮੰਗੋ। ਝਗੜੇ ਨੂੰ ਖ਼ਤਮ ਕਰਨ ਦਾ ਇਸ ਤੋਂ ਵਧੀਆ ਤਰੀਕਾ ਹੋਰ ਕੋਈ ਨਹੀਂ।
ਸੁਝਾਅ: ਅਗਲੀ ਵਾਰ ਮਤਭੇਦ ਪੈਦਾ ਹੋਣ ਤੇ ਆਪਣੇ ਆਪ ਨੂੰ ਪੁੱਛੋ: ‘ਮੇਰੇ ਪਤੀ (ਜਾਂ ਪਤਨੀ) ਜੋ ਕੁਝ ਕਹਿ ਰਹੇ ਹਨ, ਕੀ ਉਹ ਵਾਕਈ ਗ਼ਲਤ ਹੈ? ਇਸ ਮਸਲੇ ਨੂੰ ਪੈਦਾ ਕਰਨ ਵਿਚ ਮੇਰਾ ਕਿੰਨਾ ਕੁ ਹੱਥ ਰਿਹਾ ਹੈ? ਕੀ ਮਾਫ਼ੀ ਮੰਗਣ ਨਾਲ ਮੇਰੀ ਇੱਜ਼ਤ ਘੱਟ ਜਾਵੇਗੀ?’
‘ਕੀ ਮੈਂ ਆਪਣੇ ਜੀਵਨ-ਸਾਥੀ ਦੇ ਜਜ਼ਬਾਤਾਂ ਦਾ ਮਜ਼ਾਕ ਉਡਾਉਂਦਾ ਹਾਂ?’
ਪਰਮੇਸ਼ੁਰ ਦਾ ਬਚਨ ਹੁਕਮ ਦਿੰਦਾ ਹੈ, “ਤੁਸੀਂ ਸੱਭੇ ਇੱਕ ਮਨ ਹੋਵੋ, ਆਪੋ ਵਿੱਚੀਂ ਦਰਦੀ ਬਣੋ।” (1 ਪਤਰਸ 3:8) ਆਓ ਆਪਾਂ ਦੇਖੀਏ ਕਿ ਕਿਨ੍ਹਾਂ ਦੋ ਕਾਰਨਾਂ ਕਰਕੇ ਅਸੀਂ ਅਕਸਰ ਇਸ ਸਲਾਹ ਨੂੰ ਲਾਗੂ ਨਹੀਂ ਕਰ ਪਾਉਂਦੇ ਹਾਂ। ਇਕ ਕਾਰਨ ਤਾਂ ਇਹ ਹੈ ਕਿ ਅਸੀਂ ਕਈ ਵਾਰ ਆਪਣੇ ਜੀਵਨ-ਸਾਥੀ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਉਦਾਹਰਣ ਲਈ, ਜੇ ਤੁਹਾਡੀ ਪਤਨੀ ਕਿਸੇ ਗੱਲੋਂ ਬੇਹੱਦ ਪਰੇਸ਼ਾਨ ਹੈ ਪਰ ਤੁਹਾਨੂੰ ਇਹ ਛੋਟੀ ਜਿਹੀ ਗੱਲ ਜਾਪਦੀ ਹੈ, ਤਾਂ ਤੁਸੀਂ ਸ਼ਾਇਦ ਕਹਿ ਦਿੰਦੇ ਹੋ, ‘ਤੂੰ ਕਿਉਂ ਗੱਲ ਦਾ ਬਤੰਗੜ ਬਣਾ ਰਹੀ ਏ?’ ਇਹ ਗੱਲ ਕਹਿ ਕੇ ਤੁਸੀਂ ਸ਼ਾਇਦ ਆਪਣੀ ਪਤਨੀ ਨੂੰ ਸਮਝਾਉਣਾ ਚਾਹੁੰਦੇ ਹੋ ਕਿ ਇੰਨੀ ਜਿਹੀ ਗੱਲ ਤੇ ਬਹੁਤਾ ਪਰੇਸ਼ਾਨ ਹੋਣ ਦੀ ਲੋੜ ਨਹੀਂ। ਪਰ ਇੱਦਾਂ ਦੀ ਗੱਲ ਅਕਸਰ ਤਸੱਲੀ ਦੇਣ ਦੀ ਥਾਂ ਗੁੱਸੇ ਨੂੰ ਭੜਕਾਉਂਦੀ ਹੈ। ਪਤੀ-ਪਤਨੀ ਦੋਨੋਂ ਚਾਹੁੰਦੇ ਹਨ ਕਿ ਦੂਸਰੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਣ ਅਤੇ ਹਮਦਰਦੀ ਜ਼ਾਹਰ ਕਰਨ।
ਘਮੰਡ ਕਰਕੇ ਵੀ ਅਸੀਂ ਕਦੇ-ਕਦੇ ਆਪਣੇ ਜੀਵਨ-ਸਾਥੀ ਦੇ ਜਜ਼ਬਾਤਾਂ ਨੂੰ ਮਧੋਲ ਦਿੰਦੇ ਹਾਂ। ਘਮੰਡੀ ਬੰਦਾ ਅਕਸਰ ਦੂਸਰਿਆਂ ਦਾ ਮਜ਼ਾਕ ਉਡਾ ਕੇ ਉਨ੍ਹਾਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ। ਉਹ ਸ਼ਾਇਦ ਅਗਲੇ ਨੂੰ ‘ਮੂਰਖ, ਬਦਤਮੀਜ਼, ਗੰਵਾਰ’ ਆਦਿ ਕਹਿ ਕੇ ਉਸ ਦੀ ਬੇਇੱਜ਼ਤੀ ਕਰੇ ਜਾਂ ਹੋਰਨਾਂ ਤਰੀਕਿਆਂ ਨਾਲ ਉਸ ਨੂੰ ਨੀਵਾਂ ਦਿਖਾਵੇ। ਯਿਸੂ ਦੇ ਜ਼ਮਾਨੇ ਵਿਚ ਫ਼ਰੀਸੀ ਤੇ ਹੋਰ ਧਾਰਮਿਕ ਆਗੂ ਇਹੋ ਕਰਦੇ ਸਨ। ਜਦੋਂ ਕੋਈ ਵਿਅਕਤੀ, ਭਾਵੇਂ ਉਹ ਕੋਈ ਫ਼ਰੀਸੀ ਹੀ ਕਿਉਂ ਨਾ ਹੋਵੇ, ਉਨ੍ਹਾਂ ਘਮੰਡੀ ਆਗੂਆਂ ਦੀ ਰਾਇ ਨਾਲ ਅਸਹਿਮਤੀ ਜਤਾਉਂਦਾ ਸੀ, ਤਾਂ ਉਹ ਉਸ ਦੀ ਬੇਇੱਜ਼ਤੀ ਕਰ ਕੇ ਉਸ ਦਾ ਮੂੰਹ ਬੰਦ ਕਰਾਉਣ ਦੀ ਕੋਸ਼ਿਸ਼ ਕਰਦੇ ਸਨ। (ਯੂਹੰਨਾ 7:45-52) ਪਰ ਯਿਸੂ ਉਨ੍ਹਾਂ ਤੋਂ ਬਿਲਕੁਲ ਵੱਖਰਾ ਸੀ। ਉਹ ਦੂਸਰਿਆਂ ਦੇ ਜਜ਼ਬਾਤਾਂ ਦੀ ਕਦਰ ਕਰਦਾ ਸੀ ਅਤੇ ਉਨ੍ਹਾਂ ਦੇ ਦਰਦ ਨੂੰ ਸਮਝਦਾ ਸੀ।—ਮੱਤੀ 20:29-34; ਮਰਕੁਸ 5:25-34.
ਹੁਣ ਜ਼ਰਾ ਸੋਚੋ ਕਿ ਤੁਸੀਂ ਉਦੋਂ ਕੀ ਕਰਦੇ ਹੋ ਜਦੋਂ ਤੁਹਾਡੀ ਪਤਨੀ ਆਪਣੀ ਚਿੰਤਾ ਜ਼ਾਹਰ ਕਰਦੀ ਹੈ। ਕੀ ਤੁਸੀਂ ਆਪਣੇ ਸ਼ਬਦਾਂ ਰਾਹੀਂ, ਬੋਲਣ ਦੇ ਢੰਗ ਰਾਹੀਂ ਅਤੇ ਚਿਹਰੇ ਦੇ ਹਾਵਾਂ-ਭਾਵਾਂ ਰਾਹੀਂ ਹਮਦਰਦੀ ਦਰਸਾਉਂਦੇ ਹੋ? ਜਾਂ ਕੀ ਤੁਸੀਂ ਗੱਲ ਨੂੰ ਰਫ਼ਾ-ਦਫ਼ਾ ਕਰਦਿਆਂ ਕਹਿੰਦੇ ਹੋ ਕਿ ‘ਤੂੰ ਤਾਂ ਐਵੇਂ ਹੀ ਬਕ ਬਕ ਕਰਦੀ ਰਹਿੰਦੀ ਏ। ਤੈਨੂੰ ਕਿਸੇ ਗੱਲ ਦੀ ਸਮਝ ਤਾਂ ਹੈਨੀਂ!’?
ਸੁਝਾਅ: ਅਗਲੇ ਕੁਝ ਹਫ਼ਤਿਆਂ ਦੌਰਾਨ ਗੌਰ ਕਰੋ ਕਿ ਤੁਸੀਂ ਆਪਣੇ ਜੀਵਨ-ਸਾਥੀ ਨਾਲ ਕਿਵੇਂ ਗੱਲ ਕਰਦੇ ਹੋ। ਜੇ ਤੁਸੀਂ ਕੋਈ ਅਪਮਾਨਜਨਕ ਗੱਲ ਕਹਿ ਕੇ ਜਾਂ ਕਿਸੇ ਹੋਰ ਤਰੀਕੇ ਨਾਲ ਉਸ ਦਾ ਦਿਲ ਦੁਖਾਉਂਦੇ ਹੋ, ਤਾਂ ਤੁਰੰਤ ਮਾਫ਼ੀ ਮੰਗੋ।
‘ਕੀ ਮੈਨੂੰ ਅਕਸਰ ਲੱਗਦਾ ਹੈ ਕਿ ਮੇਰਾ ਸਾਥੀ ਮਤਲਬੀ ਹੈ?’
ਪਰਮੇਸ਼ੁਰ ਦੇ ਵੈਰੀ ਸ਼ਤਾਨ ਨੇ ਅੱਯੂਬ ਨਾਮਕ ਵਫ਼ਾਦਾਰ ਭਗਤ ਦੀ ਨੀਅਤ ਉੱਤੇ ਸ਼ੱਕ ਜ਼ਾਹਰ ਕਰਦਿਆਂ ਕਿਹਾ ਸੀ ਕਿ “ਅੱਯੂਬ ਪਰਮੇਸ਼ੁਰ ਤੋਂ ਹਾੜੇ ਕੱਢੀ ਨਹੀਂ ਡਰਦਾ। ਕੀ ਤੈਂ [ਪਰਮੇਸ਼ੁਰ] ਉਸ ਦੇ ਅਤੇ ਉਸ ਦੇ ਘਰ ਦੇ ਅਤੇ ਉਸ ਦੇ ਸਭ ਕਾਸੇ ਦੇ ਦੁਆਲੇ ਵਾੜ ਨਹੀਂ ਲਾ ਛੱਡੀ?”—ਅੱਯੂਬ 1:9, 10.
ਪਤੀ-ਪਤਨੀ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਉਹ ਸ਼ਤਾਨ ਵਾਂਗ ਇਕ-ਦੂਜੇ ਦੀ ਨੀਅਤ ਵਿਚ ਖੋਟ ਲੱਭਣ ਦੀ ਕੋਸ਼ਿਸ਼ ਨਾ ਕਰਨ। ਮਿਸਾਲ ਲਈ, ਜੇ ਤੁਹਾਡੀ ਪਤਨੀ ਤੁਹਾਡੇ ਮਨ-ਪਸੰਦ ਦਾ ਪਕਵਾਨ ਬਣਾਉਂਦੀ ਹੈ, ਤਾਂ ਕੀ ਤੁਸੀਂ ਇਹ ਸੋਚਦੇ ਹੋ ਕਿ ‘ਬੜੇ ਮਸਕੇ ਲਾ ਰਹੀ ਹੈ! ਖ਼ਰਿਆ ਉਸ ਨੂੰ ਕੀ ਚਾਹੀਦੈ?’ ਜਾਂ ਜੇ ਤੁਹਾਡਾ ਪਤੀ ਕੋਈ ਗ਼ਲਤੀ ਕਰਦਾ ਹੈ, ਤਾਂ ਕੀ ਤੁਸੀਂ ਇਹ ਸੋਚਦੇ ਹੋ ਕਿ ‘ਕਿਸੇ ਕੰਮ ਦਾ ਨਹੀਂ ਇਹ ਬੰਦਾ’? ਕੀ ਤੁਸੀਂ ਉਸ ਦੀਆਂ ਹੋਰ ਢੇਰ ਸਾਰੀਆਂ ਗ਼ਲਤੀਆਂ ਦੀ ਲੰਬੀ-ਚੌੜੀ ਲਿਸਟ ਬਣਾ ਲੈਂਦੇ ਹੋ?
ਸੁਝਾਅ: ਉਨ੍ਹਾਂ ਚੰਗੇ ਕੰਮਾਂ ਦੀ ਸੂਚੀ ਬਣਾਓ ਜੋ ਤੁਹਾਡੇ ਜੀਵਨ-ਸਾਥੀ ਨੇ ਤੁਹਾਡੇ ਲਈ ਕੀਤੇ ਹਨ। ਇਹ ਵੀ ਲਿਖੋ ਕਿ ਉਸ ਨੇ ਕਿਹੜੀ ਚੰਗੀ ਨੀਅਤ ਨਾਲ ਇਹ ਸਭ ਕੰਮ ਕੀਤੇ।
ਯਿਸੂ ਦੇ ਚੇਲੇ ਪੌਲੁਸ ਨੇ ਲਿਖਿਆ ਕਿ ਪ੍ਰੇਮ ਚਿੜ੍ਹਦਾ ਨਹੀਂ ਅਤੇ ਨਾ ਹੀ ਬੁਰਾ ਮਨਾਉਂਦਾ ਹੈ। (1 ਕੁਰਿੰਥੀਆਂ 13:4, 5) ਸੱਚਾ ਪਿਆਰ ਅੰਨ੍ਹਾ ਨਹੀਂ ਹੁੰਦਾ। ਪਰ ਨਾ ਹੀ ਇਹ ਦੂਸਰਿਆਂ ਦੀਆਂ ਗ਼ਲਤੀਆਂ ਨੂੰ ਚੇਤੇ ਕਰ-ਕਰ ਕੇ ਕੁੜ੍ਹਦਾ ਰਹਿੰਦਾ ਹੈ। ਪੌਲੁਸ ਨੇ ਕਿਹਾ ਕਿ ਪ੍ਰੇਮ ‘ਸਭਨਾਂ ਗੱਲਾਂ ਦੀ ਪਰਤੀਤ ਕਰਦਾ ਹੈ।’ (1 ਕੁਰਿੰਥੀਆਂ 13:7) ਇਸ ਦਾ ਇਹ ਮਤਲਬ ਨਹੀਂ ਕਿ ਸੱਚਾ ਪਿਆਰ ਕਰਨ ਵਾਲਾ ਵਿਅਕਤੀ ਅੱਖਾਂ ਮੀਟ ਕੇ ਸਭ ਕੁਝ ਮੰਨ ਲੈਂਦਾ ਹੈ, ਸਗੋਂ ਇਹ ਕਿ ਉਹ ਦੂਸਰਿਆਂ ਤੇ ਬਿਨਾਂ ਵਜ੍ਹਾ ਸ਼ੱਕ ਨਹੀਂ ਕਰਦਾ। ਉਹ ਹਰ ਵੇਲੇ ਦੂਸਰਿਆਂ ਵਿਚ ਨੁਕਸ ਕੱਢਣ ਦੀ ਕੋਸ਼ਿਸ਼ ਨਹੀਂ ਕਰਦਾ ਹੈ। ਬਾਈਬਲ ਮੁਤਾਬਕ ਸੱਚਾ ਪਿਆਰ ਕਰਨ ਵਾਲਾ ਸ਼ਖ਼ਸ ਦੂਸਰਿਆਂ ਨੂੰ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈ ਅਤੇ ਉਨ੍ਹਾਂ ਵਿਚ ਚੰਗੇ ਗੁਣ ਲੱਭਦਾ ਹੈ। (ਜ਼ਬੂਰਾਂ ਦੀ ਪੋਥੀ 86:5; ਅਫ਼ਸੀਆਂ 4:32) ਜੇ ਪਤੀ-ਪਤਨੀ ਵਿਚ ਇਹੋ ਜਿਹਾ ਸੱਚਾ-ਸੁੱਚਾ ਪਿਆਰ ਹੋਵੇ, ਤਾਂ ਉਨ੍ਹਾਂ ਦਾ ਘਰ ਵਾਕਈ ਸਵਰਗ ਹੋਵੇਗਾ। (w08 2/1)
ਆਪਣੇ ਆਪ ਨੂੰ ਪੁੱਛੋ . . .
-
ਇਸ ਲੇਖ ਦੇ ਸ਼ੁਰੂ ਵਿਚ ਜ਼ਿਕਰ ਕੀਤੀ ਗਈ ਜੋੜੀ ਤੋਂ ਕੀ ਭੁੱਲ ਹੋਈ?
-
ਮੈਂ ਇੱਦਾਂ ਦੀਆਂ ਗ਼ਲਤੀਆਂ ਕਰਨ ਤੋਂ ਕਿਵੇਂ ਬਚ ਸਕਦਾ ਹਾਂ?
-
ਇਸ ਲੇਖ ਨੂੰ ਪੜ੍ਹ ਕੇ ਮੈਨੂੰ ਆਪਣੀਆਂ ਕਿਹੜੀਆਂ ਕਮੀਆਂ-ਕਮਜ਼ੋਰੀਆਂ ਦਾ ਅਹਿਸਾਸ ਹੋਇਆ ਹੈ?
^ ਪੈਰਾ 3 ਕੁਝ ਨਾਂ ਬਦਲੇ ਗਏ ਹਨ।