ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ
ਸਵਰਗ ਕੌਣ ਜਾਣਗੇ ਤੇ ਕਿਉਂ?
ਲੱਖਾਂ ਹੀ ਲੋਕ ਸਵਰਗ ਜਾਣ ਦੀ ਤਮੰਨਾ ਰੱਖਦੇ ਹਨ। ਯਿਸੂ ਨੇ ਕਿਹਾ ਸੀ ਕਿ ਉਸ ਦੇ ਵਫ਼ਾਦਾਰ ਰਸੂਲ ਉੱਥੇ ਰਹਿਣਗੇ। ਆਪਣੀ ਮੌਤ ਤੋਂ ਪਹਿਲਾਂ ਉਸ ਨੇ ਰਸੂਲਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਆਪਣੇ ਸਵਰਗੀ ਪਿਤਾ ਕੋਲ ਉਨ੍ਹਾਂ ਲਈ ਜਗ੍ਹਾ ਤਿਆਰ ਕਰੇਗਾ।—ਯੂਹੰਨਾ 14:2 ਪੜ੍ਹੋ।
ਧਰਤੀ ਦੇ ਲੋਕਾਂ ਨੂੰ ਦੁਬਾਰਾ ਜੀਉਂਦਾ ਕਰ ਕੇ ਉਨ੍ਹਾਂ ਨੂੰ ਸਵਰਗ ਵਿਚ ਜ਼ਿੰਦਗੀ ਕਿਉਂ ਦਿੱਤੀ ਜਾਵੇਗੀ? ਉਹ ਉੱਥੇ ਕੀ ਕਰਨਗੇ? ਯਿਸੂ ਨੇ ਆਪਣੇ ਰਸੂਲਾਂ ਨੂੰ ਕਿਹਾ ਸੀ ਕਿ ਉਹ ਰਾਜੇ ਬਣ ਕੇ ਧਰਤੀ ਉੱਤੇ ਰਾਜ ਕਰਨਗੇ।—ਲੂਕਾ 22:28-30; ਪ੍ਰਕਾਸ਼ ਦੀ ਕਿਤਾਬ 5:10 ਪੜ੍ਹੋ।
ਕੀ ਸਾਰੇ ਚੰਗੇ ਲੋਕ ਸਵਰਗ ਜਾਂਦੇ ਹਨ?
ਸਾਰੇ ਦੇਸ਼ਾਂ ਵਿਚ ਕੁਝ ਹੀ ਲੋਕ ਹਕੂਮਤ ਕਰਦੇ ਹਨ। ਯਿਸੂ ਲੋਕਾਂ ਨੂੰ ਜੀਉਂਦਾ ਕਰ ਕੇ ਸਵਰਗ ਵਿਚ ਇਸ ਲਈ ਜ਼ਿੰਦਗੀ ਦਿੰਦਾ ਹੈ ਤਾਂਕਿ ਉਹ ਧਰਤੀ ਉੱਤੇ ਰਾਜ ਕਰ ਸਕਣ। ਸੋ ਅਸੀਂ ਕਹਿ ਸਕਦੇ ਹਾਂ ਕਿ ਰਾਜ ਕਰਨ ਲਈ ਚੁਣੇ ਗਏ ਲੋਕ ਥੋੜ੍ਹੇ ਜਿਹੇ ਹੀ ਹੋਣਗੇ। (ਲੂਕਾ 12:32) ਬਾਈਬਲ ਦੱਸਦੀ ਹੈ ਕਿ ਕਿੰਨੇ ਕੁ ਜਣੇ ਯਿਸੂ ਨਾਲ ਮਿਲ ਕੇ ਰਾਜ ਕਰਨਗੇ।—ਪ੍ਰਕਾਸ਼ ਦੀ ਕਿਤਾਬ 14:1 ਪੜ੍ਹੋ।
ਯਿਸੂ ਨੇ ਆਪਣੇ ਕੁਝ ਚੇਲਿਆਂ ਲਈ ਸਵਰਗ ਵਿਚ ਜਗ੍ਹਾ ਤਿਆਰ ਕੀਤੀ ਹੈ। ਕੀ ਤੁਹਾਨੂੰ ਪਤਾ ਹੈ ਕਿ ਉਹ ਉੱਥੇ ਕੀ ਕਰਨਗੇ?
ਸਿਰਫ਼ ਸਵਰਗ ਜਾਣ ਵਾਲਿਆਂ ਨੂੰ ਹੀ ਫ਼ਾਇਦਾ ਨਹੀਂ ਹੋਵੇਗਾ। ਯਿਸੂ ਦੇ ਰਾਜ ਦੀ ਵਫ਼ਾਦਾਰ ਪਰਜਾ ਨੂੰ ਬਾਗ਼ ਵਰਗੀ ਸੋਹਣੀ ਧਰਤੀ ਉੱਤੇ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ। (ਯੂਹੰਨਾ 3:16) ਕੁਝ ਲੋਕ ਇਸ ਦੁਨੀਆਂ ਦੇ ਅੰਤ ਵਿੱਚੋਂ ਬਚ ਕੇ ਨਵੀਂ ਦੁਨੀਆਂ ਵਿਚ ਦਾਖ਼ਲ ਹੋਣਗੇ। ਪਰ ਜੋ ਪਹਿਲਾਂ ਹੀ ਮਰ ਚੁੱਕੇ ਹਨ, ਉਨ੍ਹਾਂ ਨੂੰ ਦੁਬਾਰਾ ਜੀਉਂਦਾ ਕਰ ਕੇ ਇਸ ਨਵੀਂ ਦੁਨੀਆਂ ਵਿਚ ਜ਼ਿੰਦਗੀ ਦਿੱਤੀ ਜਾਵੇਗੀ।—ਜ਼ਬੂਰਾਂ ਦੀ ਪੋਥੀ 37:29; ਯੂਹੰਨਾ 5:28, 29 ਪੜ੍ਹੋ। (w13-E 11/01)