Skip to content

Skip to table of contents

ਬਾਈਬਲ ਬਦਲਦੀ ਹੈ ਜ਼ਿੰਦਗੀਆਂ

ਮੈਂ ਮਰਨਾ ਨਹੀਂ ਸੀ ਚਾਹੁੰਦੀ!

ਮੈਂ ਮਰਨਾ ਨਹੀਂ ਸੀ ਚਾਹੁੰਦੀ!
  • ਜਨਮ 1964

  • ਦੇਸ਼ ਇੰਗਲੈਂਡ

  • ਅਤੀਤ ਵਿਗੜੀ ਹੋਈ ਅੱਲ੍ਹੜ ਮਾਂ

ਮੇਰੇ ਅਤੀਤ ਬਾਰੇ ਕੁਝ ਗੱਲਾਂ

ਮੇਰਾ ਜਨਮ ਲੰਡਨ, ਇੰਗਲੈਂਡ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਪੈਡਿੰਗਟਨ ਵਿਚ ਹੋਇਆ। ਮੈਂ ਆਪਣੀ ਮੰਮੀ ਅਤੇ ਵੱਡੀਆਂ ਤਿੰਨ ਭੈਣਾਂ ਨਾਲ ਰਹਿੰਦੀ ਸੀ। ਸ਼ਰਾਬ ਦੀ ਲਤ ਲੱਗੀ ਹੋਣ ਕਰਕੇ ਮੇਰੇ ਡੈਡੀ ਕਦੇ ਘਰ ਆ ਜਾਂਦੇ ਸੀ ਤੇ ਕਦੇ ਨਹੀਂ।

ਜਦੋਂ ਮੈਂ ਛੋਟੀ ਹੁੰਦੀ ਸੀ, ਤਾਂ ਮੇਰੀ ਮੰਮੀ ਨੇ ਮੈਨੂੰ ਸਿਖਾਇਆ ਕਿ ਮੈਂ ਰੋਜ਼ ਰਾਤ ਨੂੰ ਪ੍ਰਾਰਥਨਾ ਕਰਿਆ ਕਰਾਂ। ਮੇਰੇ ਕੋਲ ਛੋਟੀ ਜਿਹੀ ਬਾਈਬਲ ਹੁੰਦੀ ਸੀ ਜਿਸ ਵਿਚ ਸਿਰਫ਼ ਭਜਨ ਹੁੰਦੇ ਸਨ ਅਤੇ ਮੈਂ ਇਨ੍ਹਾਂ ਦੀਆਂ ਧੁਨਾਂ ਬਣਾ ਲਈਆਂ ਤਾਂਕਿ ਮੈਂ ਇਨ੍ਹਾਂ ਨੂੰ ਗਾ ਸਕਾਂ। ਮੇਰੇ ਕੋਲ ਕੁਝ ਹੋਰ ਵੀ ਕਿਤਾਬਾਂ ਸਨ ਤੇ ਇਕ ਕਿਤਾਬ ਵਿਚ ਪੜ੍ਹੀ ਇਹ ਗੱਲ ਮੇਰੇ ਦਿਮਾਗ਼ ਵਿਚ ਬੈਠ ਗਈ: “ਕੱਲ੍ਹ ਪਤਾ ਨਹੀਂ ਹੋਣਾ ਕਿ ਨਹੀਂ।” ਇਨ੍ਹਾਂ ਸ਼ਬਦਾਂ ਕਰਕੇ ਮੈਂ ਸਾਰੀ ਰਾਤ ਭਵਿੱਖ ਬਾਰੇ ਹੀ ਸੋਚਦੀ ਰਹੀ। ਮੈਂ ਸੋਚਿਆ, ‘ਕੀ ਇਹੀ ਆ ਜ਼ਿੰਦਗੀ? ਮੈਂ ਇੱਥੇ ਕਿਉਂ ਹਾਂ?’ ਮੈਂ ਮਰਨਾ ਨਹੀਂ ਚਾਹੁੰਦੀ ਸੀ!

ਮੈਨੂੰ ਭੂਤਾਂ-ਪ੍ਰੇਤਾਂ ਵਿਚ ਬਹੁਤ ਦਿਲਚਸਪੀ ਸੀ। ਮੈਂ ਮਰੇ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਮੈਂ ਸਕੂਲ ਦੇ ਦੋਸਤਾਂ ਨਾਲ ਕਬਰਾਂ ਵਿਚ ਜਾਂਦੀ ਸੀ ਅਤੇ ਡਰਾਉਣੀਆਂ ਫ਼ਿਲਮਾਂ ਦੇਖਦੀ ਸੀ। ਇਹ ਸਭ ਕਰਕੇ ਸਾਨੂੰ ਬਹੁਤ ਮਜ਼ਾ ਆਉਂਦਾ ਸੀ ਤੇ ਡਰ ਵੀ ਲੱਗਦਾ ਸੀ।

ਮੈਂ ਦਸ ਸਾਲਾਂ ਦੀ ਉਮਰ ਵਿਚ ਹੀ ਬੁਰੇ ਕੰਮਾਂ ਵਿਚ ਪੈ ਗਈ। ਮੈਂ ਤਮਾਖੂ ਪੀਣਾ ਸ਼ੁਰੂ ਕਰ ਦਿੱਤਾ ਤੇ ਜਲਦੀ ਹੀ ਮੈਨੂੰ ਇਸ ਦੀ ਲਤ ਲੱਗ ਗਈ। ਬਾਅਦ ਵਿਚ ਮੈਂ ਭੰਗ ਪੀਣ ਲੱਗ ਪਈ। 11 ਸਾਲਾਂ ਦੀ ਉਮਰ ਵਿਚ ਮੈਂ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਭਾਵੇਂ ਮੈਨੂੰ ਉਸ ਦਾ ਸੁਆਦ ਚੰਗਾ ਨਹੀਂ ਸੀ ਲੱਗਦਾ, ਪਰ ਪੀਣ ਤੋਂ ਬਾਅਦ ਜੋ ਨਸ਼ਾ ਹੁੰਦਾ ਸੀ, ਉਹ ਮੈਨੂੰ ਪਸੰਦ ਸੀ। ਮੈਨੂੰ ਸੰਗੀਤ ਸੁਣਨਾ ਤੇ ਨੱਚਣਾ ਬਹੁਤ ਪਸੰਦ ਸੀ। ਮੈਂ ਜਦੋਂ ਦੇਖੋ ਪਾਰਟੀਆਂ ਤੇ ਨਾਈਟ ਕਲੱਬਾਂ ਵਿਚ ਤੁਰੀ ਰਹਿੰਦੀ ਸੀ। ਮੈਂ ਰਾਤ ਨੂੰ ਚੋਰੀ-ਛਿਪੇ ਘਰੋਂ ਚਲੀ ਜਾਂਦੀ ਸੀ ਤੇ ਸਵੇਰ ਹੋਣ ਤੋਂ ਪਹਿਲਾਂ-ਪਹਿਲਾਂ ਘਰ ਵਾਪਸ ਆ ਜਾਂਦੀ ਸੀ। ਥੱਕੀ ਹੋਣ ਕਰਕੇ ਮੈਂ ਲਗਾਤਾਰ ਸਕੂਲ ਤੋਂ ਗਾਇਬ ਰਹਿੰਦੀ ਸੀ। ਜਦੋਂ ਮੈਂ ਸਕੂਲ ਜਾਂਦੀ ਵੀ ਸੀ, ਤਾਂ ਮੈਂ ਅਕਸਰ ਕਲਾਸ ਦੇ ਪੀਰੀਅਡਾਂ ਦੌਰਾਨ ਸ਼ਰਾਬ ਪੀਂਦੀ ਸੀ।

ਸਕੂਲ ਦੇ ਆਖ਼ਰੀ ਸਾਲ ਦੌਰਾਨ ਮੇਰੇ ਬਹੁਤ ਘੱਟ ਨੰਬਰ ਆਏ। ਮੇਰੇ ਮੰਮੀ ਨੂੰ ਬਹੁਤ ਦੁੱਖ ਹੋਇਆ ਤੇ ਉਨ੍ਹਾਂ ਨੂੰ ਗੁੱਸਾ ਚੜ੍ਹ ਗਿਆ ਜਦੋਂ ਉਨ੍ਹਾਂ ਨੂੰ ਮੇਰੇ ਬੁਰੇ ਕੰਮਾਂ ਬਾਰੇ ਪਤਾ ਲੱਗਾ। ਸਾਡੇ ਵਿਚ ਝਗੜਾ ਹੋ ਗਿਆ ਤੇ ਮੈਂ ਘਰੋਂ ਭੱਜ ਗਈ। ਕੁਝ ਸਮੇਂ ਲਈ ਮੈਂ ਆਪਣੇ ਬੁਆਏ-ਫ੍ਰੈਂਡ ਟੋਨੀ ਨਾਲ ਰਹਿਣ ਲੱਗ ਪਈ। ਉਹ ਚੋਰੀਆਂ ਕਰਦਾ ਸੀ, ਨਸ਼ੇ ਵੇਚਦਾ ਸੀ ਤੇ ਬਹੁਤ ਜ਼ਿਆਦਾ ਮਾਰ-ਧਾੜ ਕਰਨ ਲਈ ਜਾਣਿਆ ਜਾਂਦਾ ਸੀ। ਛੇਤੀ ਹੀ ਮੈਂ ਗਰਭਵਤੀ ਹੋ ਗਈ ਤੇ 16 ਸਾਲਾਂ ਦੀ ਉਮਰ ਵਿਚ ਮੈਂ ਇਕ ਮੁੰਡੇ ਦੀ ਮਾਂ ਬਣ ਗਈ।

ਮੇਰੀ ਜ਼ਿੰਦਗੀ ’ਤੇ ਬਾਈਬਲ ਦਾ ਅਸਰ

ਮੈਂ ਪਹਿਲੀ ਵਾਰ ਯਹੋਵਾਹ ਦੇ ਗਵਾਹਾਂ ਨੂੰ ਉਦੋਂ ਮਿਲੀ ਜਦੋਂ ਮੈਂ ਅਣ-ਵਿਆਹੀਆਂ ਮਾਵਾਂ ਤੇ ਉਨ੍ਹਾਂ ਦੇ ਬੱਚਿਆਂ ਲਈ ਸਰਕਾਰ ਵੱਲੋਂ ਬਣਾਏ ਇਕ ਹੋਸਟਲ ਵਿਚ ਰਹਿ ਰਹੀ ਸੀ। ਸਰਕਾਰ ਨੇ ਮੈਨੂੰ ਉੱਥੇ ਇਕ ਕਮਰਾ ਦਿੱਤਾ ਹੋਇਆ ਸੀ। ਉੱਥੇ ਯਹੋਵਾਹ ਦੀਆਂ ਦੋ ਗਵਾਹਾਂ ਅਕਸਰ ਕੁਝ ਨੌਜਵਾਨ ਮਾਵਾਂ ਨੂੰ ਮਿਲਣ ਆਉਂਦੀਆਂ ਸਨ। ਇਕ ਦਿਨ ਮੈਂ ਵੀ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਬੈਠ ਗਈ। ਮੈਂ ਉਨ੍ਹਾਂ ਗਵਾਹਾਂ ਨੂੰ ਗ਼ਲਤ ਸਾਬਤ ਕਰਨਾ ਚਾਹੁੰਦੀ ਸੀ। ਪਰ ਉਨ੍ਹਾਂ ਨੇ ਸ਼ਾਂਤੀ ਨਾਲ ਬਾਈਬਲ ਵਿੱਚੋਂ ਸਾਫ਼-ਸਾਫ਼ ਮੇਰੇ ਹਰ ਸਵਾਲ ਦਾ ਜਵਾਬ ਦਿੱਤਾ। ਉਹ ਬਹੁਤ ਨਿਮਰ ਸਨ ਜਿਸ ਕਰਕੇ ਮੈਨੂੰ ਉਹ ਬਹੁਤ ਚੰਗੀਆਂ ਲੱਗੀਆਂ। ਇਸ ਲਈ ਮੈਂ ਉਨ੍ਹਾਂ ਨਾਲ ਬਾਈਬਲ ਦੀ ਸਟੱਡੀ ਕਰਨ ਲਈ ਤਿਆਰ ਹੋ ਗਈ।

ਮੈਨੂੰ ਬਾਈਬਲ ਤੋਂ ਇਕ ਗੱਲ ਪਤਾ ਲੱਗੀ ਜਿਸ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ। ਮੈਂ ਬਚਪਨ ਤੋਂ ਹੀ ਮਰਨ ਤੋਂ ਡਰਦੀ ਸੀ। ਮੈਨੂੰ ਯਿਸੂ ਦੀ ਇਸ ਸਿੱਖਿਆ ਬਾਰੇ ਪਤਾ ਲੱਗਾ ਕਿ ਮਰੇ ਹੋਏ ਲੋਕ ਜੀਉਂਦੇ ਕੀਤੇ ਜਾਣਗੇ। (ਯੂਹੰਨਾ 5:28, 29) ਮੈਂ ਇਹ ਵੀ ਸਿੱਖਿਆ ਕਿ ਰੱਬ ਮੇਰੀ ਬਹੁਤ ਪਰਵਾਹ ਕਰਦਾ ਹੈ। (1 ਪਤਰਸ 5:7) ਖ਼ਾਸ ਕਰਕੇ ਯਿਰਮਿਯਾਹ 29:11 ਦੇ ਸ਼ਬਦ ਮੇਰੇ ਦਿਲ ਨੂੰ ਬਹੁਤ ਛੋਹੇ: “ਮੈਂ ਤਾਂ ਆਪਣੀਆਂ ਸੋਚਾਂ ਨੂੰ ਜਿਹੜੀਆਂ ਤੁਹਾਡੇ ਵਿਖੇ ਸੋਚਦਾ ਹਾਂ ਜਾਣਦਾ ਹਾਂ, ਯਹੋਵਾਹ ਦਾ ਵਾਕ ਹੈ, ਸ਼ਾਂਤੀ ਦੀਆਂ ਸੋਚਾਂ, ਬੁਰਿਆਈ ਦੀਆਂ ਨਹੀਂ ਭਈ ਮੈਂ ਤੁਹਾਨੂੰ ਛੇਕੜ ਨੂੰ ਆਸ ਦੁਆਵਾਂ।” ਮੈਨੂੰ ਹੌਲੀ-ਹੌਲੀ ਯਕੀਨ ਹੋਣ ਲੱਗ ਪਿਆ ਕਿ ਮੈਂ ਭਵਿੱਖ ਵਿਚ ਇਸ ਧਰਤੀ ’ਤੇ ਨਵੀਂ ਦੁਨੀਆਂ ਵਿਚ ਹਮੇਸ਼ਾ ਲਈ ਜੀ ਸਕਦੀ ਹਾਂ।ਜ਼ਬੂਰਾਂ ਦੀ ਪੋਥੀ 37:29.

ਯਹੋਵਾਹ ਦੇ ਗਵਾਹਾਂ ਨੇ ਮੈਨੂੰ ਸੱਚਾ ਪਿਆਰ ਦਿਖਾਇਆ। ਪਹਿਲੀ ਵਾਰ ਜਦ ਮੈਂ ਉਨ੍ਹਾਂ ਦੀ ਇਕ ਸਭਾ ਤੇ ਗਈ, ਤਾਂ ਉੱਥੇ ਮਾਹੌਲ ਬਹੁਤ ਵਧੀਆ ਸੀ ਤੇ ਸਾਰੇ ਬੜੇ ਦੋਸਤਾਨਾ ਸੁਭਾਅ ਦੇ ਸਨ! (ਯੂਹੰਨਾ 13:34, 35) ਇਸ ਮਾਹੌਲ ਵਿਚ ਅਤੇ ਮੇਰੇ ਨਾਲ ਕੀਤੇ ਚਰਚ ਦੇ ਵਤੀਰੇ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਸੀ। ਮੇਰੇ ਹਾਲਾਤ ਭਾਵੇਂ ਜਿੱਦਾਂ ਦੇ ਮਰਜ਼ੀ ਸਨ, ਫਿਰ ਵੀ ਗਵਾਹਾਂ ਨੇ ਮੇਰਾ ਸੁਆਗਤ ਕੀਤਾ। ਉਨ੍ਹਾਂ ਨੇ ਮੈਨੂੰ ਆਪਣਾ ਸਮਾਂ ਦਿੱਤਾ, ਮੇਰੀ ਪਰਵਾਹ ਕੀਤੀ ਤੇ ਮੇਰੀ ਮਦਦ ਕੀਤੀ। ਮੈਨੂੰ ਇੱਦਾਂ ਲੱਗਾ ਜਿੱਦਾਂ ਮੈਂ ਪਿਆਰ ਕਰਨ ਵਾਲੇ ਵੱਡੇ ਸਾਰੇ ਪਰਿਵਾਰ ਦੀ ਮੈਂਬਰ ਹੋਵਾਂ।

ਬਾਈਬਲ ਦੀ ਸਟੱਡੀ ਕਰ ਕੇ ਮੈਨੂੰ ਪਤਾ ਲੱਗਾ ਕਿ ਯਹੋਵਾਹ ਦੇ ਉੱਚੇ ਨੈਤਿਕ ਮਿਆਰਾਂ ’ਤੇ ਖਰੀ ਉਤਰਨ ਲਈ ਮੈਨੂੰ ਆਪਣੀ ਜ਼ਿੰਦਗੀ ਵਿਚ ਬਦਲਾਅ ਕਰਨ ਦੀ ਲੋੜ ਸੀ। ਮੇਰੇ ਲਈ ਤਮਾਖੂ ਪੀਣਾ ਛੱਡਣਾ ਬਹੁਤ ਔਖਾ ਸੀ। ਇਸ ਦੇ ਨਾਲ-ਨਾਲ ਮੈਨੂੰ ਅਹਿਸਾਸ ਹੋਇਆ ਕਿ ਮੈਂ ਜਿਸ ਤਰ੍ਹਾਂ ਦਾ ਸੰਗੀਤ ਸੁਣਦੀ ਸੀ, ਉਸ ਕਾਰਨ ਮੇਰੀ ਭੰਗ ਪੀਣ ਦੀ ਇੱਛਾ ਜਾਗ ਉੱਠਦੀ ਸੀ। ਇਸ ਲਈ ਮੈਂ ਇਹ ਸੰਗੀਤ ਸੁਣਨਾ ਛੱਡ ਦਿੱਤਾ। ਮੈਂ ਹੋਸ਼ ਵਿਚ ਰਹਿਣਾ ਚਾਹੁੰਦੀ ਸੀ, ਇਸ ਲਈ ਮੈਂ ਪਾਰਟੀਆਂ ਅਤੇ ਨਾਈਟ ਕਲੱਬਾਂ ਵਿਚ ਜਾਣਾ ਛੱਡ ਦਿੱਤਾ ਜਿੱਥੇ ਮੇਰਾ ਸ਼ਰਾਬ ਪੀਣ ਦਾ ਮਨ ਕਰਦਾ ਸੀ। ਨਾਲੇ ਮੈਂ ਨਵੇਂ ਦੋਸਤ ਬਣਾਏ ਜਿਨ੍ਹਾਂ ਦੇ ਚੰਗੇ ਅਸਰ ਕਰਕੇ ਮੇਰੀ ਜ਼ਿੰਦਗੀ ਵਿਚ ਸੁਧਾਰ ਆਇਆ।ਕਹਾਉਤਾਂ 13:20.

ਇਸ ਸਮੇਂ ਦੌਰਾਨ ਟੋਨੀ ਵੀ ਯਹੋਵਾਹ ਦੇ ਗਵਾਹਾਂ ਤੋਂ ਬਾਈਬਲ ਦੀ ਸਟੱਡੀ ਕਰ ਰਿਹਾ ਸੀ। ਜਦੋਂ ਯਹੋਵਾਹ ਦੇ ਗਵਾਹਾਂ ਨੇ ਬਾਈਬਲ ਵਿੱਚੋਂ ਉਸ ਦੇ ਸਵਾਲਾਂ ਦੇ ਜਵਾਬ ਦਿੱਤੇ, ਤਾਂ ਉਸ ਨੂੰ ਯਕੀਨ ਹੋ ਗਿਆ ਕਿ ਉਹ ਜੋ ਕੁਝ ਸਿੱਖ ਰਿਹਾ ਸੀ, ਉਹ ਸੱਚ ਸੀ। ਉਸ ਨੇ ਆਪਣੀ ਜ਼ਿੰਦਗੀ ਵਿਚ ਇਹ ਵੱਡੀਆਂ-ਵੱਡੀਆਂ ਤਬਦੀਲੀਆਂ ਕੀਤੀਆਂ: ਉਸ ਨੇ ਮਾਰ-ਧਾੜ ਕਰਨ ਵਾਲੇ ਦੋਸਤਾਂ ਨਾਲੋਂ ਨਾਤਾ ਤੋੜ ਲਿਆ, ਚੋਰੀਆਂ-ਚਕਾਰੀਆਂ ਕਰਨੀਆਂ ਤੇ ਭੰਗ ਪੀਣੀ ਛੱਡ ਦਿੱਤੀ। ਸਾਨੂੰ ਦੋਵਾਂ ਨੂੰ ਅਹਿਸਾਸ ਹੋਇਆ ਕਿ ਯਹੋਵਾਹ ਨੂੰ ਪੂਰੀ ਤਰ੍ਹਾਂ ਖ਼ੁਸ਼ ਕਰਨ ਲਈ ਸਾਨੂੰ ਆਪਣੀ ਬਦਚਲਣ ਜ਼ਿੰਦਗੀ ਛੱਡਣ ਦੀ ਲੋੜ ਸੀ ਤਾਂਕਿ ਸਾਡੇ ਪੁੱਤਰ ਦੀ ਪਰਵਰਿਸ਼ ਵਧੀਆ ਮਾਹੌਲ ਵਿਚ ਹੋ ਸਕੇ। ਇਸ ਲਈ ਅਸੀਂ 1982 ਵਿਚ ਵਿਆਹ ਕਰਾ ਲਿਆ।

“ਹੁਣ ਮੈਂ ਸਾਰੀ-ਸਾਰੀ ਰਾਤ ਜਾਗ ਕੇ ਭਵਿੱਖ ਬਾਰੇ ਜਾਂ ਮੌਤ ਬਾਰੇ ਨਹੀਂ ਸੋਚਦੀ ਰਹਿੰਦੀ”

ਮੈਨੂੰ ਯਾਦ ਹੈ ਕਿ ਮੈਂ ਪਹਿਰਾਬੁਰਜ ਤੇ ਜਾਗਰੂਕ ਬਣੋ! * ਰਸਾਲਿਆਂ ਵਿਚ ਉਹ ਲੇਖ ਅਤੇ ਲੋਕਾਂ ਦੀਆਂ ਜੀਵਨੀਆਂ ਲੱਭਦੀ ਹੁੰਦੀ ਸੀ ਜਿਨ੍ਹਾਂ ਵਿਚ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਉਹ ਤਬਦੀਲੀਆਂ ਕੀਤੀਆਂ ਸਨ ਜੋ ਮੈਂ ਕਰਨੀਆਂ ਚਾਹੁੰਦੀ ਸੀ। ਮੈਨੂੰ ਉਨ੍ਹਾਂ ਦੀਆਂ ਮਿਸਾਲਾਂ ਤੋਂ ਬਹੁਤ ਹੌਸਲਾ ਮਿਲਿਆ! ਮੈਨੂੰ ਤਬਦੀਲੀਆਂ ਕਰਨ ਲਈ ਪੁਰਜ਼ੋਰ ਕੋਸ਼ਿਸ਼ ਕਰਨ ਦੀ ਹਿੰਮਤ ਮਿਲੀ। ਮੈਂ ਯਹੋਵਾਹ ਨੂੰ ਪ੍ਰਾਰਥਨਾ ਕਰਦੀ ਰਹੀ ਕਿ ਉਹ ਮੈਨੂੰ ਛੱਡੇ ਨਾ। ਜੁਲਾਈ 1982 ਵਿਚ ਮੈਂ ਤੇ ਟੋਨੀ ਬਪਤਿਸਮਾ ਲੈ ਕੇ ਯਹੋਵਾਹ ਦੇ ਗਵਾਹ ਬਣ ਗਏ।

ਅੱਜ ਮੇਰੀ ਜ਼ਿੰਦਗੀ

ਯਹੋਵਾਹ ਨਾਲ ਦੋਸਤੀ ਕਰਨ ਨਾਲ ਮੇਰੀ ਜਾਨ ਬਚ ਗਈ। ਮੈਂ ਤੇ ਟੋਨੀ ਨੇ ਇਹ ਵੀ ਦੇਖਿਆ ਕਿ ਯਹੋਵਾਹ ਨੇ ਔਖੇ ਸਮਿਆਂ ਵਿਚ ਸਾਡਾ ਸਾਥ ਦਿੱਤਾ। ਅਸੀਂ ਔਖੀਆਂ ਘੜੀਆਂ ਵਿਚ ਰੱਬ ’ਤੇ ਭਰੋਸਾ ਰੱਖਣਾ ਸਿੱਖਿਆ ਅਤੇ ਅਸੀਂ ਦੇਖਿਆ ਹੈ ਕਿ ਉਸ ਨੇ ਹਮੇਸ਼ਾ ਸਾਡੇ ਪਰਿਵਾਰ ਦੀ ਮਦਦ ਕੀਤੀ ਤੇ ਸਾਨੂੰ ਸੰਭਾਲਿਆ ਹੈ।ਜ਼ਬੂਰਾਂ ਦੀ ਪੋਥੀ 55:22.

ਯਹੋਵਾਹ ਬਾਰੇ ਜਾਣਨ ਵਿਚ ਆਪਣੇ ਪੁੱਤਰ ਅਤੇ ਧੀ ਦੀ ਮਦਦ ਕਰ ਕੇ ਮੈਂ ਬਹੁਤ ਖ਼ੁਸ਼ ਹਾਂ। ਹੁਣ ਵੀ ਮੈਨੂੰ ਉਹੀ ਖ਼ੁਸ਼ੀ ਮਿਲਦੀ ਹੈ ਜਦੋਂ ਮੈਂ ਉਨ੍ਹਾਂ ਦੇ ਬੱਚਿਆਂ ਨੂੰ ਰੱਬ ਦਾ ਗਿਆਨ ਲੈਂਦੇ ਹੋਏ ਦੇਖਦੀ ਹਾਂ।

ਹੁਣ ਮੈਂ ਸਾਰੀ-ਸਾਰੀ ਰਾਤ ਜਾਗ ਕੇ ਭਵਿੱਖ ਬਾਰੇ ਜਾਂ ਮੌਤ ਬਾਰੇ ਨਹੀਂ ਸੋਚਦੀ ਰਹਿੰਦੀ। ਮੈਂ ਤੇ ਟੋਨੀ ਹਰ ਹਫ਼ਤੇ ਯਹੋਵਾਹ ਦੇ ਗਵਾਹਾਂ ਦੀਆਂ ਵੱਖੋ-ਵੱਖਰੀਆਂ ਮੰਡਲੀਆਂ ਵਿਚ ਜਾਂਦੇ ਹਾਂ ਅਤੇ ਉਨ੍ਹਾਂ ਨੂੰ ਹੌਸਲਾ ਦਿੰਦੇ ਹਾਂ। ਅਸੀਂ ਉਨ੍ਹਾਂ ਨਾਲ ਮਿਲ ਕੇ ਹੋਰ ਲੋਕਾਂ ਨੂੰ ਵੀ ਸਿਖਾਉਂਦੇ ਹਾਂ ਕਿ ਜੇ ਉਹ ਯਿਸੂ ’ਤੇ ਨਿਹਚਾ ਕਰਨਗੇ, ਤਾਂ ਉਨ੍ਹਾਂ ਨੂੰ ਵੀ ਆਉਣ ਵਾਲੀ ਨਵੀਂ ਦੁਨੀਆਂ ਵਿਚ ਹਮੇਸ਼ਾ ਦੀ ਜ਼ਿੰਦਗੀ ਮਿਲ ਸਕਦੀ ਹੈ।

^ ਪੈਰਾ 17 ਯਹੋਵਾਹ ਦੇ ਗਵਾਹਾਂ ਦੁਆਰਾ ਛਾਪੇ ਜਾਂਦੇ ਹਨ।